ਕਣਕ ਦੇ ਪੱਕਣ ਦਾ ਇੰਤਜ਼ਾਰ, 13 ਅਪ੍ਰੈਲ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ ਕਣਕ ਦੀ ਆਮਦ
Sunday, Apr 06, 2025 - 12:50 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਕਰਨ ਦਾ ਐਲਾਨ ਕਰਨ ਦੇ ਬਾਵਜੂਦ ਜ਼ਿਲ੍ਹੇ ਦੇ ਕੁੱਲ੍ਹ 30 ਖ਼ਰੀਦ ਕੇਂਦਰਾਂ (ਮੰਡੀਆਂ) ’ਚੋਂ ਅਜੇ ਤੱਕ ਕਿਸੇ ਵੀ ਖ਼ਰੀਦ ਕੇਂਦਰ ’ਚ ਕਣਕ ਦੀ ਆਮਦ ਨਹੀਂ ਹੋਈ। ਜ਼ਿਲ੍ਹੇ ਦੇ ਖੇਤਾਂ ’ਚ ਕਣਕ ਅਜੇ ਵੀ ਹਰੀ ਭਰੀ ਖੜ੍ਹੀ ਹੈ, ਉੱਥੇ ਹੀ ਮੰਡੀਆਂ ’ਚ ਪ੍ਰਬੰਧ ਅਜੇ ਵੀ ਹਨੇਰੇ ’ਚ ਨਜ਼ਰ ਆ ਰਹੇ ਹਨ। ਅੱਜ ਜਦੋਂ ਜਗਬਾਣੀ ਟੀਮ ਵੱਲੋਂ ਜ਼ਿਲ੍ਹਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਜ਼ਿਲ੍ਹਾ ਮੰਡੀ ਵਿੱਚ ਸ਼ੈੱਡਾਂ ਦੀ ਅਜੇ ਤੱਕ ਪੂਰੀ ਤਰ੍ਹਾਂ ਸਫ਼ਾਈ ਨਹੀਂ ਹੋਈ, ਰੌਸ਼ਨੀ, ਪਾਣੀ ਦੀ ਵਿਵਸਥਾ ਅਤੇ ਕਿਸਾਨਾਂ ਦੇ ਬੈਠਣ ਲਈ ਯੋਗ ਪ੍ਰਬੰਧਾਂ ਦੀ ਘਾਟ ਹੈ।
ਜ਼ਿਲ੍ਹੇ ’ਚ 77 ਹਜ਼ਾਰ ਹੈਕਟੇਅਰ ’ਚ ਕਣਕ ਦੀ ਬਿਜਾਈ, 2.6 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਦੀ ਉਮੀਦ
ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਕਰੀਬ 77 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 2.60 ਮੀਟ੍ਰਿਕ ਟਨ ਤੋਂ ਵੱਧ ਕਣਕ ਆਉਣ ਦੀ ਉਮੀਦ ਹੈ। ਜ਼ਿਲ੍ਹਾ ਮੰਡੀ ਅਫ਼ਸਰ ਜਸਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲ 2.63 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ ਅਤੇ ਇਸ ਸਾਲ ਜ਼ਿਲੇ ਦੀਆਂ ਮੰਡੀਆਂ ਵਿੱਚ 2.64 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਥਾਣੇ ਦੀ ਹਵਾਲਾਤ 'ਚੋਂ ਫਰਾਰ ਹੋਇਆ ਨੌਜਵਾਨ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਜ਼ਿਲ੍ਹੇ ਦੀਆਂ 30 ਮੰਡੀਆਂ ਵਿੱਚ ਹੋਵੇਗੀ ਕਣਕ ਦੀ ਖ਼ਰੀਦ - ਡੀ. ਐੱਮ. ਓ.
ਜ਼ਿਲ੍ਹਾ ਮੰਡੀ ਅਫ਼ਸਰ ਜਸਦੀਪ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਕੁੱਲ੍ਹ 30 ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਨਵਾਂਸ਼ਹਿਰ ਵਿੱਚ 12 ਅਤੇ ਬੰਗਾ ਅਤੇ ਬਲਾਚੌਰ ਵਿੱਚ 9-9 ਖ਼ਰੀਦ ਕੇਂਦਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਖ਼ਰੀਦ ਪ੍ਰਬੰਧਾਂ ਸਬੰਧੀ ਸਬੰਧਤ ਵਿਭਾਗਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ ਵਿਸਾਖੀ ਤੋਂ ਬਾਅਦ ਹੀ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਖੁੱਲ੍ਹਣ ਦੇ ਨਾਲ ਹੀ ਕਿਸਾਨਾਂ ਲਈ ਰੋਸ਼ਨੀ, ਪੀਣ ਵਾਲੇ ਪਾਣੀ ਅਤੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਸਦਮੇ 'ਚ ਪਰਿਵਾਰ
ਨਵਾਂਸ਼ਹਿਰ ਦੇ ਖ਼ਰੀਦ ਕੇਂਦਰ
ਨਵਾਂਸ਼ਹਿਰ, ਰਾਹੋਂ, ਜਾਡਲਾ, ਗਰਚਾ, ਫਾਂਬੜਾ, ਵਜ਼ੀਦਪੁਰ, ਬਹਿਲੂਰ ਕਲਾਂ, ਦੁਪਾਲਪੁਰ, ਮਝੂਰ, ਜੱਬੇਵਾਲ, ਧੈਂਗੜਪੁਰ ਅਤੇ ਮੀਰਪੁਰ ਜੱਟਾਂ।
ਆੜ੍ਹਤੀ ਐਸੋਸੀਏਸ਼ਨ ਨੇ ਸਮੇਂ ਸਿਰ ਲਿਫਟਿੰਗ ਅਤੇ 72 ਘੰਟਿਆਂ ਦੇ ਅੰਦਰ ਅਦਾਇਗੀ ਦੀ ਕੀਤੀ ਮੰਗ
ਆੜ੍ਹਤੀ ਐਸੋਸੀਏਸ਼ਨ ਨਵਾਂਸ਼ਹਿਰ ਦੇ ਪ੍ਰਧਾਨ ਮਨਜਿੰਦਰ ਵਾਲੀਆ ਨੇ ਦੱਸਿਆ ਕਿ ਕਣਕ ਦੀ ਆਮਦ ਕਾਰਨ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਸ਼ਾਸਨਿਕ ਪ੍ਰਬੰਧ, ਕਿਸਾਨਾਂ ਦੇ ਬੈਠਣ ਦੇ ਯੋਗ ਪ੍ਰਬੰਧ, ਲਾਈਟਾਂ ਅਤੇ ਸ਼ੈੱਡਾਂ ਦੀ ਸਫ਼ਾਈ ਆਦਿ ਦੇ ਪ੍ਰਬੰਧ ਅਜੇ ਬਾਕੀ ਹਨ। ਹਾਲਾਂਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ 13-14 ਫਰਵਰੀ ਦੇ ਆਸ-ਪਾਸ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਮੰਡੀਆਂ ਵਿੱਚ ਆਮਦ ਤੇਜ਼ ਹੈ ਅਤੇ ਜ਼ਿਆਦਾਤਰ ਕਣਕ ਕਰੀਬ 10 ਦਿਨਾਂ ਵਿੱਚ ਮੰਡੀਆਂ ਵਿੱਚ ਪਹੁੰਚ ਜਾਂਦੀ ਹੈ। ਜਿਸ ਕਾਰਨ ਮੰਡੀਆਂ ਵਿੱਚ ਲਿਫਟਿੰਗ ਅਤੇ ਬਾਰਦਾਨੇ ਦੇ ਪੁਖਤਾ ਪ੍ਰਬੰਧ ਹੋਣੇ ਜ਼ਰੂਰੀ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਦੀ ਢੇਰੀ ਕਰਨ ਲਈ ਢੁੱਕਵੀਂ ਥਾਂ ਮਿਲ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀ ਅਦਾਇਗੀ 72 ਘੰਟਿਆਂ ਦੇ ਅੰਦਰ-ਅੰਦਰ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਤੱਕ ਪ੍ਰਸ਼ਾਸਨ ਨੇ ਆੜ੍ਹਤੀ ਐਸੋਸੀਏਸ਼ਨ ਨਾਲ ਇੰਤਜ਼ਾਮਾਂ ਸਬੰਧੀ ਕੋਈ ਮੀਟਿੰਗ ਨਹੀਂ ਕੀਤੀ, ਜਿਸ ਦੀ ਜਲਦੀ ਮੀਟਿੰਗ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e