ਨੌਜਵਾਨ ਦੀ ਮੌਤ ਦੇ ਮਾਮਲੇ ’ਚ 3 ਨਾਮਜ਼ਦ, 7 ਸਾਲਾਂ ਬਾਅਦ ਕੇਸ ਦਰਜ
Friday, Apr 11, 2025 - 02:58 PM (IST)

ਬਠਿੰਡਾ (ਸੁਖਵਿੰਦਰ) : ਪਿੰਡ ਸੰਦੋਹਾ ਵਾਸੀ ਇਕ ਨੌਜਵਾਨ ਦੀ ਜ਼ਿਆਦਾ ਨਸ਼ੇ ਦੇ ਸੇਵਨ ਕਾਰਨ ਮੌਤ ਹੋ ਗਈ ਸੀ। ਇਸ ਸਬੰਧੀ ਮੌੜ ਪੁਲਸ ਨੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜੋ ਉਸ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਸੇਵਨ ਕਰਨ ਲਈ ਘਰੋਂ ਲੈ ਗਏ ਸਨ। ਉਕਤ ਮਾਮਲਾ 7 ਸਾਲ ਪੁਰਾਣਾ ਹੈ ਅਤੇ ਹੁਣ ਇਹ ਮਾਮਲਾ ਮੈਡੀਕਲ ਰਿਪੋਰਟ ਅਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਸੰਦੋਹਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਮੌੜ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਪੁੱਤਰ ਚਰਨਪਾਲ ਸਿੰਘ ਨਸ਼ੇ ਦਾ ਆਦੀ ਸੀ। ਉਨ੍ਹਾਂ ਨੇ ਦੱਸਿਆ ਕਿ 17 ਅਪ੍ਰੈਲ 2018 ਨੂੰ ਸੰਦੋਹਾ ਦੇ ਰਹਿਣ ਵਾਲੇ ਮੁਲਜ਼ਮ ਕਾਕਾ ਸਿੰਘ, ਰੇਸ਼ਮ ਸਿੰਘ ਅਤੇ ਕਰਨ ਸਿੰਘ ਉਸ ਨੂੰ ਆਪਣੇ ਨਾਲ ਲੈ ਗਏ ਸਨ। ਸ਼ਾਮ ਨੂੰ ਮੁਲਜ਼ਮ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਘਰ ਛੱਡ ਗਏ, ਜਿਸ ਤੋਂ ਬਾਅਦ ਚਰਨਪਾਲ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਲੋਕ ਉਸ ਦੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਸਨ। ਵਿਸਰਾ ਰਿਪੋਰਟ ਅਤੇ ਡਾਕਟਰੀ ਰਾਏ ਲੈਣ ਤੋਂ ਬਾਅਦ ਪੁਲਸ ਨੇ ਹੁਣ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।