ਪੰਜਾਬ ਪੁਲਸ ਖ਼ਿਲਾਫ਼ ਕੀਤੀ ਟਿੱਪਣੀ ਲਈ ਪ੍ਰਤਾਪ ਬਾਜਵਾ ਤੁਰੰਤ ਮੁਆਫ਼ੀ ਮੰਗਣ : ਨੀਲ ਗਰਗ

Monday, Apr 07, 2025 - 06:11 PM (IST)

ਪੰਜਾਬ ਪੁਲਸ ਖ਼ਿਲਾਫ਼ ਕੀਤੀ ਟਿੱਪਣੀ ਲਈ ਪ੍ਰਤਾਪ ਬਾਜਵਾ ਤੁਰੰਤ ਮੁਆਫ਼ੀ ਮੰਗਣ : ਨੀਲ ਗਰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਪੁਲਸ ਦੀ ਕਾਰਗੁਜ਼ਾਰੀ "ਤੇ ਸਵਾਲ ਚੁੱਕਦਿਆਂ ਪੰਜਾਬ ਪੁਲਸ ਨੂੰ ਭ੍ਰਿਸ਼ਟ ਦੱਸਿਆ ਸੀ। ਪ੍ਰਤਾਪ ਬਾਜਵਾ ਦੇ ਬਿਆਨ ਨੂੰ ਪੰਜਾਬ ਪੁਲਸ ਖ਼ਿਲਾਫ਼ ਅਪਮਾਨਜਨਕ ਅਤੇ ਗੈਰ ਜ਼ਿੰਮੇਵਾਰਾਨਾ ਟਿੱਪਣੀ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਨੇ ਉਨ੍ਹਾਂ ਦੇ ਬਿਆਨ ਨੂੰ ਨਾ ਸਿਰਫ ਪੰਜਾਬ ਪੁਲਸ ਦਾ ਅਪਮਾਨ ਦੱਸਿਆ ਹੈ ਸਗੋਂ ਪੁਲਸ ਦਾ ਮਨੋਬਲ ਡੇਗਣ ਵਾਲਾ ਕਰਾਰ ਦਿੱਤਾ ਹੈ। ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਤਾਪ ਬਾਜਵਾ ਨੇ ਦੋਸ਼ ਲਗਾਇਆ ਸੀ ਕਿ ਮੌਜੂਦਾ ਪੰਜਾਬ ਪੁਲਸ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਗਈ ਹੈ। ਇਸ ਲਈ ਪੂਰੀ ਪੁਲਸ ਫੋਰਸ ਨੂੰ ਖ਼ਤਮ ਕਰਕੇ ਮੁੜ ਨਿਰਮਾਣ ਕਰਨਾ ਹੋਵੇਗਾ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਰਾਜਨੀਤੀ ਸਮੇਤ ਹਰ ਖੇਤਰ ਵਿਚ ਚੰਗੇ ਅਤੇ ਬੁਰੇ ਲੋਕ ਹੁੰਦੇ ਹਨ ਪਰ ਪੂਰੀ ਪੁਲਸ ਫੋਰਸ ਨੂੰ ਭ੍ਰਿਸ਼ਟ ਦੱਸਣਾ ਆਲੋਚਨਾ ਨਹੀਂ ਹੈ ਸਗੋਂ ਇਹ ਹਜ਼ਾਰਾਂ ਬਹਾਦਰ ਅਤੇ ਇਮਾਨਦਾਰ ਅਧਿਕਾਰੀਆਂ ਦੇ ਮਨੋਬਲ 'ਤੇ ਸਿੱਧਾ ਹਮਲਾ ਹੈ। ਬਾਜਵਾ ਨੇ ਉਸ ਫੋਰਸ ਦਾ ਅਪਮਾਨ ਕੀਤਾ ਹੈ ਜੋ ਨਾ ਸਿਰਫ ਪੰਜਾਬ ਦੀ ਕਾਨੂੰਨ ਅਤੇ ਵਿਵਸਥਾ ਦੀ ਰਾਖੀ ਕਰ ਰਹੀ ਹੈ ਬਲਕਿ ਸਾਡੀਆਂ ਅੰਤਰਰਾਸ਼ਟਰੀ ਸਰਹੱਦਾਂ ਦੀ ਵੀ ਰਾਖੀ ਕਰ ਰਹੀ ਹੈ। ਗਰਗ ਨੇ ਕਿਹਾ ਕਿ ਬਾਜਵਾ ਦੇ ਬਿਆਨ ਤੋਂ ਪਾਖੰਡ ਅਤੇ ਸਿਆਸਤ ਦੀ ਬਦਬੋ ਆਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਪੁਲਸ ਨੂੰ ਬਦਨਾਮ ਕਰ ਰਹੇ ਹਨ, ਉਹ ਪੁਲਸ ਉਨ੍ਹਾਂ ਦੀ ਨਿੱਜੀ ਸੁਰੱਖਿਆ ਲਈ ਵੀ ਤਾਇਨਾਤ ਹੈ। ਜੇਕਰ ਉਹ ਅਸਲ ਵਿਚ ਮੰਨਦੇ ਹਨ ਕਿ ਪੂਰਾ ਪੁਲਸ ਫੋਰਸ ਭ੍ਰਿਸ਼ਟ ਅਤੇ ਬੇਕਾਰ ਹੈ, ਤਾਂ ਉਨ੍ਹਾਂ ਨੂੰ ਤੁਰੰਤ ਆਪਣੀ ਪੁਲਸ ਸੁਰੱਖਿਆ ਛੱਡ ਦੇਣੀ ਚਾਹੀਦੀ ਹੈ। 

ਗਰਗ ਨੇ ਬਾਜਵਾ ਤੇ ਕਾਂਗਰਸ ਪਾਰਟੀ ਨੂੰ ਕਾਲੇ ਦੌਰ ਤੋਂ ਬਾਅਦ ਸੂਬੇ ਵਿਚ ਸ਼ਾਂਤੀ ਬਹਾਲ ਕਰਨ ਲਈ ਪੰਜਾਬ ਪੁਲਸ ਦੀ ਮਹਾਨ ਵਿਰਾਸਤ ਦੀ ਯਾਦ ਦਵਾਈ। ਗਰਗ ਨੇ ਕਿਹਾ ਕਿ ਇਹ ਉਹੀ ਫੋਰਸ ਹੈ ਜਿਸ ਨੇ ਪੰਜਾਬ ਨੂੰ ਅੱਤਵਾਦ ਦੇ ਦੌਰ ਵਿਚੋਂ ਬਾਹਰ ਕੱਢਿਆ ਹੈ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮਾਨ ਸਰਕਾਰ ਨੇ ਨਾ ਸਿਰਫ ਵਧੇਰੇ ਅਹੁਦਿਆਂ ਨੂੰ ਭਰ ਕੇ ਪੁਲਸ ਨੂੰ ਮਜ਼ਬੂਤ ਬਣਾਇਆ ਹੈ ਸਗੋਂ ਉਨ੍ਹਾਂ ਨੂੰ ਆਧੁਨਿਕ ਵਾਹਨਾਂ, ਹਥਿਆਰਾਂ ਅਤੇ ਸਹੂਲਤਾਂ ਨਾਲ ਲੈਸ ਕੀਤਾ ਹੈ। ਜਿਸ ਸਦਕਾ ਪੰਜਾਬ ਪੁਲਸ ਦੇ ਬਾਹਦਰ ਅਫਸਰ ਤੇ ਮੁਲਜ਼ਮ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹਨ। 


author

Gurminder Singh

Content Editor

Related News