ਰਸ਼ੀਆ 'ਚ ਹੋਇਆ ਤਸ਼ਦੱਦ, ਜ਼ਬਰਦਸਤੀ ਕੀਤੀ ਫੌਜ ਦੀ ਨੌਕਰੀ, ਹੁਣ ਪੰਜਾਬ ਪਹੁੰਚ ਸੁਣਾਈ ਹੱਡਬੀਤੀ
Friday, Apr 11, 2025 - 11:51 AM (IST)

ਅੰਮ੍ਰਿਤਸਰ (ਬਿਊਰੋ): ਵਿਦੇਸ਼ਾਂ 'ਚ ਨੌਕਰੀ ਦੀ ਇੱਛਾ ਆਖਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਟੂਰਿਸਟ ਵੀਜ਼ੇ 'ਤੇ ਗਏ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਰੂਸ ਦੀ ਆਰਮੀ 'ਚ ਭਰਤੀ ਕਰਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ। ਨੌਜਵਾਨ ਦੀ ਕਿਸਮਤ ਚੰਗੀ ਸੀ ਉਸ ਨੇ ਪੰਜ ਮਹੀਨੇ ਰਸ਼ੀਆ ਦੀ ਫੌਜ ਵਿੱਚ ਨੌਕਰੀ ਕਰਨ ਅਤੇ ਦੋ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਵਾਪਸ ਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਵੱਲੋਂ ਰਸ਼ੀਆ ਦੇ ਟੂਰਿਸਟ ਵੀਜ਼ੇ 'ਤੇ ਗਿਆ ਸੀ ਪਰ ਉਸਨੂੰ ਸਿੱਧਾ ਹੀ ਆਰਮੀ ਬੇਸ ਕੈਂਪ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਉਸ ਨੂੰ 20 ਤੋਂ 21 ਦਿਨ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੀ ਫਰੰਟ ਲਾਈਨ 'ਤੇ ਭੇਜ ਦਿੱਤਾ ਗਿਆ ।
ਇਹ ਵੀ ਪੜ੍ਹੋ- ਤਰਨਤਾਰਨ 'ਚ ਗੋਲੀ ਮਾਰ ਕੇ ਕਤਲ ਕੀਤੇ ਪੁਲਸ ਮੁਲਾਜ਼ਮ ਦੇ ਪਰਿਵਾਰ ਲਈ CM ਮਾਨ ਦਾ ਅਹਿਮ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਲਗਾਉਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਸਿਰਫ ਉੱਥੇ ਜਾ ਕੇ ਕੋਰੀਅਰ ਵਿੱਚ ਕੰਮ ਕਰਨਾ ਹੈ, ਜਿਸ ਦੀ ਉਹਨੂੰ 80 ਤੋਂ 85000 ਰੁਪਏ ਮਹੀਨਾ ਤਨਖਾਹ ਮਿਲੇਗੀ ਪਰ ਜਦ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਵਿੱਚ ਭਰਤੀ ਕਰ ਲਿਆ ਗਿਆ । ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਣ ਵਿੱਚ ਸਿਰਫ 30-35 ਘੰਟਿਆਂ ਬਾਅਦ ਥੋੜੇ ਜਿਹੇ ਚਾਵਲ ਦਿੱਤੇ ਜਾਂਦੇ ਸਨ ਅਤੇ ਪਾਣੀ ਵੀ ਕਦੇ ਕਦੇ ਹੀ ਮਿਲਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ
ਸਰਬਜੀਤ ਨੇ ਦੱਸਿਆ ਕਿ ਉਹ ਪੰਜ ਮਹੀਨੇ ਯੂਕਰੇਨ ਦੇ ਵਿਰੁੱਧ ਲੜਦਾ ਰਿਹਾ ਜਿਸ ਵਿੱਚ ਕਈ ਪੰਜਾਬੀ ਹੋਰ ਨੌਜਵਾਨ ਵੀ ਜ਼ਖ਼ਮੀ ਵੀ ਹੋਏ ਤੇ ਕਈਆਂ ਦੀ ਮੌਤ ਵੀ ਹੋ ਗਈ। ਉਸ ਨੇ ਦੱਸਿਆ ਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਕ੍ਰਿਪਾ ਹੈ ਕਿ ਉਹ ਜਿਊਂਦਾ ਸਹੀ ਸਲਾਮਤ ਆਪਣੇ ਘਰ ਵਾਪਸ ਆਇਆ ਹੈ। ਉਸਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਸ਼ੀਆ ਗਏ ਸਨ ਤਾਂ ਉਨ੍ਹਾਂ ਨੇ ਮੁੱਦਾ ਚੁੱਕਿਆ ਸੀ ਕਿ ਦੇਸ਼ ਦੇ ਨੌਜਵਾਨਾਂ ਨੂੰ ਵਾਪਸ ਦੇਸ਼ ਭੇਜ ਦਿੱਤਾ ਜਾਵੇ ਜਿਸ 'ਤੇ ਰਸ਼ੀਆ ਸਰਕਾਰ ਵੱਲੋਂ ਵਾਪਸ ਭੇਜ ਦਿੱਤਾ ਗਿਆ ਹੈ। ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਲਕੁੱਲ ਕੋਈ ਵੀ ਆਸ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਆਪਣੇ ਘਰ ਜ਼ਿੰਦਾ ਵਾਪਸ ਆ ਸਕਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast
ਇਸ ਸਬੰਧੀ ਸਰਬਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਸਨ ਅਤੇ ਉਸਦੀ ਸਿਹਤ ਵੀ ਖਰਾਬ ਹੁੰਦੀ ਜਾ ਰਹੀ ਸੀ ਜਦ ਉਸ ਦੇ ਪੋਤਰੇ ਉਸ ਨੂੰ ਪੁੱਛਦੇ ਸਨ ਵੀ ਪਾਪਾ ਕਦੋਂ ਆਉਣਗੇ ਤਾਂ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਹੁੰਦਾ ਪਰ ਅੱਜ ਉਹ ਪਰਮਾਤਮਾ ਦਾ ਸ਼ੁਕਰ ਕਰਦੀ ਹੈ ਕਿ ਉਸ ਦਾ ਬੇਟਾ ਸਹੀ ਸਲਾਮਤ ਘਰ ਵਾਪਸ ਆ ਗਿਆ ਜਿਸ ਦੀ ਉਸ ਨੂੰ ਕੋਈ ਉਮੀਦ ਨਹੀਂ ਸੀ। ਆਪਣੇ ਭਰੇ ਮਨ ਨਾਲ ਉਸਨੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੇ ਠੱਗ ਟਰੈਵਲ ਏਜੰਟਾ ਵਿਰੁੱਧ ਕਾਨੂੰਨੀ ਸਖ਼ਤ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਪਿੰਡ ਵਾਸੀਆਂ ਵੀ ਮੰਗ ਕੀਤੀ ਕਿ ਅਜਿਹੇ ਟਰੈਵਲ ਏਜੰਟ ਜੋ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ੀ ਧਰਤੀ 'ਤੇ ਮਰਨ ਲਈ ਸੁੱਟ ਦਿੰਦੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਟਰੈਵਲ ਏਜੰਟ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8