ਕੀ ਸੁਖਬੀਰ ਸਿੰਘ ਬਾਦਲ ਫਿਰ ਬਣਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ? ਅੱਜ ਹੋਵੇਗਾ ਫ਼ੈਸਲਾ
Saturday, Apr 12, 2025 - 03:55 AM (IST)

ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗਦੇ ਹੋਏ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਪੂਰੀ ਹੋਣ ਤੋਂ ਪਹਿਲਾਂ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣ ਵਾਲੀ ਇਕੱਤਰਤਾ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ ਜੋ ਕਿ ਪੰਥਕ ਹਲਕਿਆਂ ਵਿੱਚ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਚੋਣ ਦਾ ਵੱਖ-ਵੱਖ ਸਿਆਸੀ ਲੀਡਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਧਾਰਮਿਕ ਕਾਨਫਰੰਸਾਂ ਤੇ ਕੀਤੀਆਂ ਜਾ ਸਕਦੀਆਂ ਹਨ ਪਰ ਸਿਆਸੀ ਕਾਨਫਰੰਸਾਂ ਕਰਨਾ ਮੰਦਭਾਗਾ ਹੈ ਜਿਸ ਨਾਲ ਇੱਕ ਵਾਰ ਫਿਰ ਤੋਂ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 15 ਅਪ੍ਰੈਲ ਤੋਂ 13 ਜੂਨ ਤੱਕ ਲੱਗੀ ਇਹ ਸਖ਼ਤ ਪਾਬੰਦੀ, ਹੁਕਮ ਹੋ ਗਏ ਜਾਰੀ
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਨੀਵਾਰ ਨੂੰ ਇੱਕ ਨਵਾਂ ਪਾਰਟੀ ਪ੍ਰਧਾਨ ਮਿਲ ਜਾਵੇਗਾ। ਸਾਬਕਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਮੁਖੀ ਵਜੋਂ ਸਾਰਿਆਂ ਦੀ ਪਹਿਲੀ ਪਸੰਦ ਮੰਨਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਵਿੱਚ ਪਾਰਟੀ ਡੈਲੀਗੇਟ ਸ੍ਰੀ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਨਵੇਂ ਪ੍ਰਧਾਨ ਦੇ ਨਾਂ ਦੇ ਐਲਾਨ ਦੇ ਨਾਲ ਹੀ ਅਹੁਦੇਦਾਰਾਂ ਤੋਂ ਇਲਾਵਾ ਇੱਕ ਨਵੀਂ ਵਰਕਿੰਗ ਕਮੇਟੀ ਵੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ 567 ਪ੍ਰਤੀਨਿਧੀ ਵੋਟ ਪਾਉਣਗੇ। ਪਾਰਟੀ ਨੇ 23 ਅਪ੍ਰੈਲ ਨੂੰ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਇੱਕ ਵੱਡੀ ਰਾਜਨੀਤਿਕ ਕਾਨਫਰੰਸ ਬੁਲਾਈ ਹੈ, ਜਿੱਥੇ ਨਵੇਂ ਚੁਣੇ ਗਏ ਪ੍ਰਧਾਨ ਜਨਤਾ ਨੂੰ ਸੰਬੋਧਨ ਕਰਨਗੇ। ਇਹ ਫੈਸਲਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਰਟਰ ਵਿਖੇ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਹਰਜਿੰਦਰ ਸਿੰਘ ਧਾਮੀ ਤੋਂ ਬਗੈਰ ਸ਼ਾਇਦ ਸੁਖਬੀਰ ਸਿੰਘ ਦਾ ਪ੍ਰਧਾਨ ਬਣਨਾ ਨਾ ਮੁਮਕਿਨ ਸੀ, ਕਿਉਂਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੇਣਾ ਤੇ ਪੰਥਕ ਸ਼ਖਸੀਅਤਾਂ, ਜਥੇਦਾਰ ਸਾਹਿਬਾਨ ਵੱਲੋਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਉਣ ਤੇ ਵੀ ਉਹ ਨਹੀਂ ਮੰਨੇ ਅਤੇ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਉਹ ਵਾਪਸ ਆਪਣੇ ਅਹੁਦੇ 'ਤੇ ਤਾਇਨਾਤ ਹੋਏ ਅਤੇ ਸੁਖਬੀਰ ਸਿੰਘ ਬਾਦਲ ਦੇ ਚਹੀਤੇ ਬਣ ਕੇ ਉਨ੍ਹਾਂ ਦੇ ਹਰ ਕੰਮ ਵਿੱਚ ਸਾਥ ਦਿੰਦਿਆਂ ਇੱਥੋਂ ਤੱਕ ਕਿ ਵਿਰੋਧ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਇਲੈਕਸ਼ਨ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਰੱਖਣ ਵਿਚ ਇਹਨਾਂ ਨੇ ਗੁਰੇਜ਼ ਨਹੀਂ ਕੀਤਾ। ਇਸ ਨਾਲ ਇੰਝ ਜਾਪਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਵੀ ਇਸੇ ਕਰਕੇ ਰੱਦ ਕਰਵਾਇਆ ਗਿਆ ਤਾਂ ਜੋ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਦੇ ਸਫ਼ਰ ਵਿੱਚ ਕੋਈ ਔਕੜ ਨਾ ਆਵੇ।
ਇਹ ਵੀ ਪੜ੍ਹੋ : ਗੌਰਵ ਖੰਨਾ ਬਣੇ Celebrity MasterChef ਦੇ ਜੇਤੂ, ਟਰਾਫੀ ਨਾਲ ਜਿੱਤੇ 20 ਲੱਖ ਰੁਪਏ
16 ਨਵੰਬਰ ਨੂੰ ਸੁਖਬੀਰ ਬਾਦਲ ਨੇ ਦੇ ਦਿੱਤਾ ਸੀ ਅਸਤੀਫ਼ਾ
2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਘਟਦੇ ਚੋਣ ਨਤੀਜਿਆਂ ਨਾਲ ਜੂਝ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਹੰਗਾਮਾ ਹੋਰ ਵੀ ਡੂੰਘਾ ਹੋ ਗਿਆ, ਜਦੋਂ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ "ਤਨਖਾਹਿਆ" (ਧਾਰਮਿਕ ਦੁਰਾਚਾਰ ਦਾ ਦੋਸ਼ੀ) ਐਲਾਨਿਆ ਗਿਆ ਸੀ, ਨੇ 16 ਨਵੰਬਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਅਸਤੀਫਾ ਪਾਰਟੀ ਵਰਕਿੰਗ ਕਮੇਟੀ ਨੇ 11 ਜਨਵਰੀ ਨੂੰ ਸਵੀਕਾਰ ਕਰ ਲਿਆ ਸੀ। ਪਿਛਲੇ ਸਾਲ 2 ਦਸੰਬਰ ਨੂੰ ਸਿੱਖਾਂ ਦੇ ਸਭ ਤੋਂ ਉੱਚੇ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੇ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਕੀਤੀਆਂ ਗਲਤੀਆਂ ਲਈ ਸੁਖਬੀਰ ਅਤੇ ਹੋਰ ਪਾਰਟੀ ਆਗੂਆਂ ਨੂੰ ਸਜ਼ਾ ਸੁਣਾਈ ਸੀ।
ਦੱਸਣਯੋਗ ਹੈ ਕਿ ਪੰਥਕ ਹਲਕਿਆਂ ਵਿੱਚ ਇਹ ਵੀ ਚਰਚਾਵਾਂ ਚੱਲ ਰਹੀਆਂ ਹਨ ਕਿ ਜੇਕਰ ਇਸ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋਇਆ ਤਾਂ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬੀਬੀ ਹਰਸਿਮਰਤ ਕੌਰ ਨੂੰ ਵੀ ਬਣਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8