ਕੈਨੇਡਾ ਨਾਲ ਵਿਵਾਦ ਵਧਿਆ ਤਾਂ ਕੀ ਭਾਰਤ ਨਾਲ ਰਿਸ਼ਤੇ ਵਿਗਾੜ ਲੈਣਗੀਆਂ ਅਮਰੀਕਾ ਸਮੇਤ ਹੋਰ ਪੱਛਮੀ ਤਾਕਤਾਂ!

Friday, Oct 18, 2024 - 08:38 AM (IST)

ਜਲੰਧਰ (ਸੂਰਜ ਠਾਕੁਰ) - ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਦੇ ਮਾਮਲੇ ’ਚ ਭਾਵੇਂ ਕੈਨੇਡਾ ਫਾਈਵ ਆਈਜ਼ ਦੇ ਮੈਂਬਰ ਦੇਸ਼ਾਂ ਨੂੰ ਨਾਲ ਲੈ ਕੇ ਭਾਰਤ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੌਜੂਦਾ ਸਮੇਂ ’ਚ ਭਾਰਤ ਨੇ ਖੁਦ ਨੂੰ ਵਿਸ਼ਵ ਪੱਧਰ ’ਤੇ ਇੰਨਾ ਜ਼ਿਆਦਾ ਮਜ਼ਬੂਤ ਕਰ ਲਿਆ ਹੈ ਕਿ ਦੁਨੀਆ ਭਰ ਦੇ ਦੇਸ਼ ਉਸ ਨੂੰ ਸਲਾਮ ਕਰਦੇ ਹਨ।

ਅਜਿਹੀ ਸਥਿਤੀ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਵਿਵਾਦ ਵਧਣ ’ਤੇ ਪੱਛਮੀ ਦੇਸ਼ ਇਕ ਇਕੱਲੇ ਕੈਨੇਡਾ ਕਾਰਨ ਭਾਰਤ ਨਾਲ ਆਪਣੇ ਰਿਸ਼ਤੇ ਵਿਗਾੜ ਲੈਣਗੇ? ਮਾਹਿਰਾਂ ਦੀ ਮੰਨੀਏ ਤਾਂ ਅਮਰੀਕਾ ਸਮੇਤ ਹੋਰ ਤਾਕਤਵਰ ਪੱਛਮੀ ਦੇਸ਼ ਨਹੀਂ ਚਾਹੁੰਦੇ ਕਿ ਕੈਨੇਡਾ ਵਿਚ ਇਕ ਖਾਲਿਸਤਾਨੀ ਅੱਤਵਾਦੀ ਦੇ ਮਾਰੇ ਜਾਣ ਤੋਂ ਬਾਅਦ ਪੈਦਾ ਹੋਇਆ ਵਿਵਾਦ ਭਾਰਤ ਨਾਲ ਉਨ੍ਹਾਂ ਦੇ ਸਬੰਧਾਂ ਵਿਚ ਖਟਾਸ ਪੈਦਾ ਕਰੇ। ਇਕ ਰਿਪੋਰਟ ਮੁਤਾਬਕ ਜਦੋਂ ਤੋਂ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਇਆ ਹੈ, ਉਦੋਂ ਤੋਂ ਪੱਛਮੀ ਦੇਸ਼ਾਂ ਦੇ ਮਨ ’ਚ ਇਹ ਵੀ ਸ਼ੱਕ ਹੈ ਕਿ ਭਾਰਤ ਕਿਤੇ ਰੂਸ ਨਾਲ ਖੜ੍ਹਾ ਨਾ ਹੋ ਜਾਵੇ। ਇਹੀ ਕਾਰਨ ਹੈ ਕਿ ਭਾਰਤ-ਰੂਸ ਦੇ ਸਬੰਧਾਂ ਨੂੰ ਲੈ ਕੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਕੋਈ ਟਿੱਪਣੀ ਨਹੀਂ ਕਰਦੇ ਹਨ। ਇੰਨਾ ਹੀ ਨਹੀਂ ਸਗੋਂ ਜੰਗ ਕਾਰਨ ਰੂਸ ’ਤੇ ਪਾਬੰਦੀਆਂ ਦੇ ਬਾਵਜੂਦ ਭਾਰਤ ਉਸ ਤੋਂ ਤੇਲ ਖਰੀਦ ਰਿਹਾ ਹੈ।

ਸਿਆਸਤ ਤੋਂ ਪ੍ਰੇਰਿਤ ਹੈ ਵਿਵਾਦ

ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਨਾਲ ਭਾਰਤ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਹੈ ਅਤੇ ਤੀਜੇ ਸਥਾਨ ’ਤੇ ਆਉਣ ਦੀ ਤਿਆਰੀ ਕਰ ਰਿਹਾ ਹੈ। ਮਾਮਲੇ ਨਾਲ ਜੁੜੇ ਮਾਹਿਰ ਵੀ ਕੈਨੇਡਾ ਅਤੇ ਭਾਰਤ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਆਮ ਚੋਣਾਂ ਤੋਂ ਬਾਅਦ ਇਸ ਵਿਵਾਦ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਜਾਵੇਗਾ। ਇਸ ਵਿਵਾਦ ਦੀ ਮਦਦ ਨਾਲ ਸਿੱਖਾਂ ਦਾ ਵੱਡਾ ਵੋਟ ਬੈਂਕ ਹਾਸਲ ਕਰਨ ਲਈ ਜਸਟਿਨ ਟਰੂਡੋ ਖਾਲਿਸਤਾਨੀ ਸਮਰਥਕਾਂ ਦੇ ਦਬਾਅ ਹੇਠ ਭਾਰਤ ’ਤੇ ਗੰਭੀਰ ਦੋਸ਼ ਲਗਾ ਰਹੇ ਹਨ ਅਤੇ ਭਾਰਤ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਆ ਰਿਹਾ ਹੈ।

ਕਿਉਂ ਫਾਈਵ ਆਈਜ਼ ਦੀ ਸ਼ਰਨ ’ਚ ਗਏ ਜਸਟਿਨ ਟਰੂਡੋ

ਹਾਲ ਹੀ ’ਚ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਦੇ ਮਾਮਲੇ ’ਚ ਜਦੋਂ ਕੈਨੇਡਾ ਦੀ ਪੁਲਸ ਨੇ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ‘ਪਰਸਨ ਆਫ ਇੰਟਰਸਟ’ ਐਲਾਨ ਕੀਤਾ ਤਾਂ ਮਾਮਲਾ ਕਾਫੀ ਗਰਮਾ ਗਿਆ। ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ। ਭਾਰਤ ਇਸ ਮਾਮਲੇ ਵਿਚ ਕੈਨੇਡਾ ਨੂੰ ਜ਼ਿਆਦਾ ਤਵੱਜੋਂ ਨਹੀਂ ਦੇ ਰਿਹਾ ਹੈ।

ਇਸ ਕਾਰਨ ਜਸਟਿਨ ਟਰੂਡੋ ਨੇ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਫਾਈਵ ਆਈਜ਼ ਦੇਸ਼ਾਂ ਨਾਲ ਸਾਂਝਾ ਕੀਤਾ ਅਤੇ ਦੋਸ਼ ਲਾਏ ਕਿ ਭਾਰਤ ਅੱਤਵਾਦੀ ਨਿੱਝਰ ਦੇ ਕਤਲ ਦੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਭਾਰਤ ਕਈ ਵਾਰ ਟਰੂਡੋ ਦੇ ਦੋਸ਼ਾਂ ਨੂੰ ਰੱਦ ਕਰ ਚੁੱਕਾ ਹੈ ਅਤੇ ਕੈਨੇਡਾ ਵਿਚ ਹੋ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਉਨ੍ਹਾਂ ਨੂੰ ਚਿਤਾਵਨੀ ਵੀ ਦੇ ਚੁੱਕਾ ਹੈ।

ਰਾਸ਼ਟਰੀ ਸੁਰੱਖਿਆ ਦੇ ਨਾਂ ’ਤੇ ਬਣੇ ਫਾਈਵ ਆਈਜ਼ ਕਲੱਬ ’ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਬ੍ਰਿਟੇਨ ਸ਼ਾਮਲ ਹਨ, ਜੋ ਦੁਨੀਆ ਭਰ ਦੀਆਂ ਖੁਫੀਆ ਜਾਣਕਾਰੀਆਂ ਨੂੰ ਇਕ-ਦੂਜੇ ਨਾਲ ਸਾਂਝਾ ਕਰਦੇ ਹਨ। ਘਟਨਾ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ ਭਾਰਤ ’ਤੇ ਜਾਂਚ ’ਚ ਸਹਿਯੋਗ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।

ਬ੍ਰਿਟੇਨ ਨੇ ਵੀ ਨਹੀਂ ਲਿਆ ਭਾਰਤ ਦਾ ਨਾਂ

ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਦੀ ਜਾਂਚ ਨੂੰ ਲੈ ਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਵੀ ਫੋਨ ਕੀਤਾ ਸੀ। ਰਿਪੋਰਟ ਮੁਤਾਬਕ ਸਟਾਰਮਰ ਨੇ ‘ਰੂਲ ਆਫ ਲਾਅ’ ਨੂੰ ਮਹੱਤਵ ਦੇਣ ਦੀ ਗੱਲ ਕੀਤੀ। ਉਨ੍ਹਾਂ ਦੇ ਬਿਆਨ ’ਚ ਵੀ ਸਿੱਧੇ ਤੌਰ ’ਤੇ ਕਿਤੇ ਵੀ ਭਾਰਤ ਦਾ ਹਵਾਲਾ ਨਹੀਂ ਹੈ। ਇਸ ਵਿਚ ਸਿਰਫ਼ ਭਾਰਤ ’ਤੇ ਲਾਏ ਗਏ ਦੋਸ਼ਾਂ ਦੀ ਕੈਨੇਡਾ ਵਿਚ ਚੱਲ ਰਹੀ ਜਾਂਚ ਦਾ ਜ਼ਿਕਰ ਹੈ।

ਦੋਵਾਂ ਦੇਸ਼ਾਂ ਨੇ ਨਿੱਝਰ ਕਤਲ ਕਾਂਡ ਦੀ ਜਾਂਚ ਦੇ ਸਿੱਟੇ ਤੱਕ ਇਕ-ਦੂਜੇ ਦੇ ਸੰਪਰਕ ਵਿਚ ਰਹਿਣ ਦਾ ਵਾਅਦਾ ਕੀਤਾ ਹੈ। ਕੈਨੇਡਾ-ਭਾਰਤ ਵਿਚਾਲੇ ਚੱਲ ਰਹੇ ਤਣਾਅ ’ਤੇ ਬ੍ਰਿਟੇਨ ਵੀ ਕੋਈ ਟਿੱਪਣੀ ਕਰਨ ਲਈ ਤਿਆਰ ਨਹੀਂ ਹੈ, ਇਹ ਵੀ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਹੁਣ ਇੰਨਾ ਮਜ਼ਬੂਤ ​​ਹੈ ਕਿ ਦੁਨੀਆ ਭਰ ਦੇ ਦੇਸ਼ ਇਸ ਨਾਲ ਆਪਣੇ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ।

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਰਵੱਈਆ ਵੀ ਨਰਮ

ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਕੈਨੇਡਾ ਨੇ ਨਿਊਜ਼ੀਲੈਂਡ ਨੂੰ ਆਪਣੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਾ ਅਤੇ ਧਮਕੀਆਂ ਖਿਲਾਫ ਚੱਲ ਰਹੀ ਜਾਂਚ ’ਤੇ ਆਪਣੇ ਐਲਾਨਾਂ ਬਾਰੇ ਸੂਚਿਤ ਕੀਤਾ ਹੈ। ਉਨ੍ਹਾਂ ਲਿਖਿਆ ਕਿ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਜਨਤਕ ਤੌਰ ’ਤੇ ਜਿਨ੍ਹਾਂ ਕਥਿਤ ਅਪਰਾਧਿਕ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜੇਕਰ ਉਹ ਸਾਬਤ ਹੋ ਗਈਆਂ ਤਾਂ ਇਹ ਬੇਹੱਦ ਚਿੰਤਾਜਨਕ ਗੱਲ ਹੋਵੇਗੀ।

ਇਸ ਬਿਆਨ ਵਿਚ ਵੀ ਭਾਰਤ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੱਛਮੀ ਦੇਸ਼ ਕਿਸੇ ਵੀ ਹਾਲਤ ਵਿਚ ਭਾਰਤ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿਦੇਸ਼ ਅਤੇ ਵਪਾਰ ਮੰਤਰਾਲੇ ਨੇ ਟਵਿੱਟਰ ’ਤੇ ਲਿਖਿਆ ਕਿ ਸਾਡਾ ਸਿਧਾਂਤ ਇਹ ਹੈ ਕਿ ਸਾਰੇ ਦੇਸ਼ਾਂ ਦੇ ਪ੍ਰਭੂਸੱਤਾ ਕਾਨੂੰਨ ਦੇ ਨਿਯਮਾਂ ਦਾ ਸਨਮਾਨ ਹੋਣਾ ਚਾਹੀਦਾ ਹੈ।

ਜ਼ਾਹਿਰ ਹੈ ਕਿ ਫਾਈਵ ਆਈਜ਼ ਦੇ ਮੈਂਬਰ ਦੇਸ਼ਾਂ ਨੇ ਆਪਣੇ ਸਾਥੀ ਕੈਨੇਡਾ ਨੂੰ ਗੋਲਮੋਲ ਜਵਾਬ ਦਿੰਦਿਆਂ ਭਾਰਤ ’ਤੇ ਲੱਗੇ ਦੋਸ਼ਾਂ ਦੀ ਜਾਂਚ ’ਚ ਸਹਿਯੋਗ ਦੀ ਮੰਗ ਕੀਤੀ ਹੈ ਪਰ ਵਿਵਾਦ ਹੋਰ ਡੂੰਘਾ ਹੋਣ ’ਤੇ ਭਵਿੱਖ ਦੀ ਰਣਨੀਤੀ ’ਤੇ ਕੁਝ ਵੀ ਨਹੀਂ ਕਿਹਾ ਹੈ।

ਤਣਾਅ ’ਤੇ ਅਮਰੀਕਾ ਨੇ ਕਿਉਂ ਨਹੀਂ ਕੀਤੀ ਭਾਰਤ ’ਤੇ ਟਿੱਪਣੀ

ਇਕ ਰਿਪੋਰਟ ਮੁਤਾਬਕ ਫਾਈਵ ਆਈਜ਼ ਵੱਲੋਂ ਭਾਰਤ ’ਤੇ ਦਬਾਅ ਬਣਾਉਣ ਤੋਂ ਬਾਅਦ ਅਮਰੀਕਾ ਸਮੇਤ ਪੱਛਮ ਦੀਆਂ ਹੋਰ ਸ਼ਕਤੀਆਂ ਇਹ ਯਕੀਨੀ ਬਣਾਉਣ ’ਚ ਜੁਟੀਆਂ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਵਿਵਾਦ ਨਾਲ ਪੱਛਮੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਖਰਾਬ ਨਾ ਹੋ ਜਾਣ।

ਇੱਥੇ ਵਰਣਨਯੋਗ ਹੈ ਕਿ ਤੀਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਜੁਲਾਈ ਮਹੀਨੇ ’ਚ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦਾ ਦੌਰਾ ਕੀਤਾ ਤਾਂ ਅਮਰੀਕਾ ਚਿੰਤਾ ਵਿਚ ਪੈ ਗਿਆ। ਭਾਵੇਂ ਅਮਰੀਕਾ ਕੁਝ ਵੀ ਕਹਿਣ ਦੀ ਸਥਿਤੀ ਵਿਚ ਨਹੀਂ ਸੀ ਪਰ ਪੈਂਟਾਗਨ ਤੋਂ ਇਹੀ ਆਵਾਜ਼ ਆਈ ਸੀ ਕਿ ਰੂਸ-ਯੂਕ੍ਰੇਨ ਜੰਗ ਨੂੰ ਰੋਕਣ ਲਈ ਭਾਰਤ ਨਿਆਂਪੂਰਨ ਸ਼ਾਂਤੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗਾ।

ਪਿਛਲੇ ਸਾਲ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਬਾਰੇ ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੁਸੇਪ ਬੋਰੇਲ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਸਪੱਸ਼ਟ ਕੀਤਾ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਅਤੇ ਇਹ ਆਮ ਗੱਲ ਹੈ।

ਦਰਅਸਲ ਯੂਰਪੀ ਦੇਸ਼ਾਂ ਨੂੰ ਪਾਬੰਦੀਆਂ ਦੇ ਬਾਵਜੂਦ ਭਾਰਤ ਦਾ ਰੂਸ ਤੋਂ ਤੇਲ ਖਰੀਦਣਾ ਰਾਸ ਨਹੀਂ ਆ ਰਿਹਾ ਸੀ। ਇਸ ਘਟਨਾਕ੍ਰਮ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਸਮੇਤ ਪੱਛਮੀ ਦੇਸ਼ ਭਾਰਤ ਨਾਲ ਆਪਣੇ ਸਬੰਧਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਹਨ। ਸ਼ਾਇਦ ਇਸ ਲਈ ਅਮਰੀਕਾ ਨੇ ਨਿੱਝਰ ਦੇ ਕਤਲ ਦੀ ਕੈਨੇਡੀਅਨ ਪੁਲਸ ਦੀ ਜਾਂਚ ਵਿਚ ਭਾਰਤ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


Harinder Kaur

Content Editor

Related News