ਕੈਨੇਡਾ-ਭਾਰਤ ਸਬੰਧਾਂ ਨੂੰ ਲੱਗਾ ਮੁੜ ਗ੍ਰਹਿਣ! ਪੁਲਸ ਵੱਲੋਂ ਗੋਸਲ ਨੂੰ ਮਿਲੀ ਵਿਟਨੈੱਸ ਪ੍ਰੋਟੈਕਸ਼ਨ
Tuesday, Dec 02, 2025 - 09:25 PM (IST)
ਓਟਾਵਾ/ਟੋਰਾਂਟੋ (ਸਰਬਜੀਤ ਸਿੰਘ ਬਨੂੜ) : ਸਿੱਖਸ ਫ਼ਾਰ ਜਸਟਿਸ (SFJ) ਵੱਲੋਂ ਕੈਨੇਡਾ ਦੇ ਰੈਫਰੈਂਡਮ ਆਰਗੇਨਾਈਜ਼ਰ ਇੰਦਰਜੀਤ ਸਿੰਘ ਗੋਸਲ ਦੀ ਹੱਤਿਆ ਦੀ ਯੋਜਨਾ ਲਈ ਭਾਰਤ ਉੱਤੇ ਲਗਾਏ ਗਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਕੈਨੇਡਾ–ਭਾਰਤ ਸੰਬੰਧਾਂ ’ਤੇ ਮੁੜ ਤੋਂ ਗ੍ਰਹਿਣ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਿੱਖਸ ਫ਼ਾਰ ਜਸਟਿਸ ਨੇ ਦਾਅਵਾ ਕੀਤਾ ਹੈ ਕਿ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇੱਕ ਰਾਜਨਾਇਕ ਨੇ ਗੋਸਲ ਦੀ ਹੱਤਿਆ ਲਈ ਕਿਰਾਏ ਦੇ ਕਾਤਲ ਨੂੰ $50,000 ਕੈਸ਼ ਦੀ ਪੇਸ਼ਕਸ਼ ਕੀਤੀ। ਇਸ ਖੁਲਾਸੇ ਤੋਂ ਬਾਅਦ ਕੈਨੇਡੀਅਨ ਰਾਸ਼ਟਰੀ ਪੁਲਸ ਨੇ ਗੋਸਲ ਨੂੰ ਵਿਟਨੈੱਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਸਿੱਖਸ ਫ਼ਾਰ ਜਸਟਿਸ ਮੁਤਾਬਕ ਇਹ ਸਾਜ਼ਿਸ਼ ਹਰਦੀਪ ਸਿੰਘ ਨਿੱਝਰ ਦੀ 2023 ਵਿੱਚ ਹੋਈ ਹੱਤਿਆ ਨਾਲ ਮਿਲਦਾ–ਜੁਲਦਾ ਪੈਟਰਨ ਦੁਹਰਾਉਂਦੀ ਹੈ, ਜਿਸ ਬਾਰੇ ਕੈਨੇਡੀਅਨ ਇੰਟੈਲੀਜੈਂਸ ਪਹਿਲਾਂ ਹੀ ਚਿਤਾਵਨੀ ਦੇ ਚੁੱਕੀ ਸੀ।

ਸਿੱਖਸ ਫ਼ਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਖੁਲਾਸਾ ਕੀਤਾ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਸਮੇਤ ਰਾਸ਼ਟਰੀ ਪੁਲਸ ਗੋਸਲ ਵਿਰੁੱਧ ਚੱਲ ਰਹੀ ਇਸ ‘ਕਿਰਾਏ ’ਤੇ ਕਤਲ’ ਸਾਜ਼ਿਸ਼ ਬਾਰੇ ਕੇਂਦਰੀ ਸਰਕਾਰ ਨੂੰ ਜਾਣਕਾਰੀ ਦੇ ਚੁੱਕੀਆਂ ਸਨ। ਇਹ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ, ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਨ ਸੁਰੱਖਿਆ ਮੰਤਰੀ ਦੇ ਦਫ਼ਤਰ ਤੱਕ ਪਹੁੰਚਾਈ ਗਈ ਸੀ। ਸਿੱਖਸ ਫ਼ਾਰ ਜਸਟਿਸ ਨੇ ਕਿਹਾ ਕਿ ਜਿੱਥੇ ਵੀ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਜਨਤਕ ਤੌਰ ’ਤੇ ਨਜ਼ਰ ਆਏ, ਖ਼ਾਲਿਸਤਾਨੀ ਕਾਰਕੁੰਨਾਂ ਨੂੰ ਉਹਨਾਂ ਦੀ ਨਿਗਰਾਨੀ, ਪਿੱਛਾ ਅਤੇ ਛਾਂ–ਵਾਂਗ ਨਾਲ ਲੱਗ ਕੇ ਮੁਹਾਸਬਾ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਸੰਭਾਵੀ ਸਾਜ਼ਿਸ਼ ਰੋਕੀ ਜਾ ਸਕੇ।
ਸਿੱਖਸ ਫ਼ਾਰ ਜਸਟਿਸ ਦੇ ਤਾਜ਼ਾ ਇਲਜ਼ਾਮਾਂ ਨੇ ਦੋਨੋਂ ਦੇਸ਼ਾਂ ਵਿੱਚ ਨਵੀਂ ਤਣਾਅ ਦੀ ਹਵਾਵਾਂ ਚਲਾ ਦਿੱਤੀਆਂ ਹਨ। ਪੰਨੂੰ ਦੇ ਅਨੁਸਾਰ ਕੈਨੇਡੀਅਨ ਰਾਸ਼ਟਰੀ ਪੁਲਸ ਭਾਰਤੀ ਸਰਕਾਰ ਦੁਆਰਾ ਚਲਾਏ ਜਾ ਰਹੇ ਅੰਤਰਰਾਸ਼ਟਰੀ ਦਬਾਅ ਅਤੇ ਟਾਰਗੇਟਡ ਹਿੰਸਾ ਦੀ ਪੁਸ਼ਟੀ ਕਰ ਚੁੱਕੀ ਹੈ। ਉਹ ਕਹਿੰਦੇ ਹਨ ਕਿ ਭਾਰਤੀ ਇੰਟੈਲੀਜੈਂਸ ਜਾਲ ਅਜੇ ਵੀ ਕੈਨੇਡਾ ਦੇ ਅੰਦਰ ਰਾਜਨਾਇਕ ਕਵਰ ਦੇ ਤਹਿਤ ਕੰਮ ਕਰ ਰਿਹਾ ਹੈ। ਸਿੱਖਸ ਫ਼ਾਰ ਜਸਟਿਸ ਦੇ ਅਨੁਸਾਰ ਗੋਸਲ ਨੂੰ ਮਾਰਨ ਦੀ ਇਹ ਨਵੀਂ ਸਾਜ਼ਿਸ਼ ਸਾਬਤ ਕਰਦੀ ਹੈ ਕਿ ਭਾਰਤੀ ਸਰਕਾਰ ਦੇ ਨਿਰਦੇਸ਼ਾਂ ਹੇਠ ਭਾਰਤੀ ਕੌਂਸੂਲੇਟ, ਹਾਈ ਕਮਿਸ਼ਨ ਅਤੇ ਰਾਜਨਾਇਕ ਨੈੱਟਵਰਕ ਕਈ ਸਮਿਆਂ ਤੋਂ ਕੈਨੇਡਾ ਦੀ ਧਰਤੀ ’ਤੇ ਖ਼ਾਲਿਸਤਾਨੀ ਅੰਦੋਲਨਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ।
