ਭਾਰਤ ਆਉਣਗੇ ਕੈਨੇਡੀਅਨ PM ਕਾਰਨੀ ! ਸਵੀਕਾਰ ਕੀਤਾ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ

Monday, Nov 24, 2025 - 02:20 PM (IST)

ਭਾਰਤ ਆਉਣਗੇ ਕੈਨੇਡੀਅਨ PM ਕਾਰਨੀ ! ਸਵੀਕਾਰ ਕੀਤਾ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ

ਇੰਟਰਨੈਸ਼ਨਲ ਡੈਸਕ- ਦੱਖਣੀ ਅਫਰੀਕਾ ਵਿੱਚ ਜੀ-20 ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਹੋਈ ਦੁਵੱਲੀ ਗੱਲਬਾਤ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਆਮ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। 

ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਐਤਵਾਰ ਨੂੰ ਜਾਰੀ ਇੱਕ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਸਵੀਕਾਰ ਕਰ ਲਿਆ ਹੈ ਤੇ ਉਹ 2026 ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਇਹ ਸੱਦਾ ਜੋਹਾਨਸਬਰਗ ਵਿੱਚ ਐਤਵਾਰ ਨੂੰ ਹੋਈ ਗੱਲਬਾਤ ਦੌਰਾਨ ਦਿੱਤਾ ਸੀ। ਦੋਵਾਂ ਆਗੂਆਂ ਨੇ ਆਪਣੀ ਗੱਲਬਾਤ ਦੌਰਾਨ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਸਬੰਧਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਰੱਖਿਆ ਅਤੇ ਪੁਲਾੜ ਖੇਤਰਾਂ ਵਿੱਚ ਡੂੰਘੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣ 'ਤੇ ਵੀ ਸਹਿਮਤੀ ਪ੍ਰਗਟਾਈ।

ਇਹ ਵੀ ਪੜ੍ਹੋ- ਪੋਤੇ ਨੂੰ ਦੇਖਣ ਕੈਨੇਡਾ ਗਏ ਦਾਦੇ ਦਾ ਸ਼ਰਮਨਾਕ ਕਾਰਾ ! ਲੱਗ ਗਿਆ Lifetime Ban, ਹੋਵੇਗਾ ਡਿਪੋਰਟ

ਇਸ ਮੁਲਾਕਾਤ ਦਾ ਇੱਕ ਹੋਰ ਅਹਿਮ ਨਤੀਜਾ ਇਹ ਰਿਹਾ ਕਿ ਦੋਵੇਂ ਨੇਤਾ ਇੱਕ ਮਹੱਤਵਪੂਰਨ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਲਈ ਰਸਮੀ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ। ਇਸ CEPA ਵਾਰਤਾ ਵਿੱਚ ਵਸਤੂਆਂ, ਸੇਵਾਵਾਂ, ਨਿਵੇਸ਼, ਖੇਤੀਬਾੜੀ ਅਤੇ ਖੇਤੀ-ਭੋਜਨ, ਡਿਜੀਟਲ ਵਪਾਰ, ਗਤੀਸ਼ੀਲਤਾ ਅਤੇ ਟਿਕਾਊ ਵਿਕਾਸ ਸਮੇਤ ਕਈ ਮਹੱਤਵਪੂਰਨ ਖੇਤਰ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀਆਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮੰਤਰੀਆਂ ਅਤੇ ਕਾਰੋਬਾਰੀ ਭਾਈਚਾਰੇ ਦੇ ਮੈਂਬਰਾਂ ਸਮੇਤ ਨਿਯਮਿਤ ਤੌਰ 'ਤੇ ਉੱਚ-ਪੱਧਰੀ ਦੌਰੇ ਹੋਣੇ ਜ਼ਰੂਰੀੋ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕਾਰਨੀ ਨੇ ਦੋਵਾਂ ਦੇਸ਼ਾਂ ਵਿਚਕਾਰ ਕਾਨੂੰਨ ਲਾਗੂ ਕਰਨ ਵਾਲੇ ਡਾਇਲਾਗ ਵਿੱਚ ਹੋ ਰਹੀ ਪ੍ਰਗਤੀ ਦਾ ਵੀ ਸਵਾਗਤ ਕੀਤਾ।

ਇਹ ਕਦਮ ਉਸ ਤਣਾਅਪੂਰਨ ਸਮੇਂ ਤੋਂ ਬਾਅਦ ਆਇਆ ਹੈ ਜਦੋਂ 2023 'ਚ ਨਿੱਝਰ ਕਤਲਕਾਂਡ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਕੜਵਾਹਟ ਪੈਦਾ ਹੋ ਗਈ ਸੀ। ਉਸ ਸਮੇਂ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਸਨ। ਭਾਰਤ ਨੇ ਉਸ ਸਮੇਂ ਟਰੂਡੋ ਦੇ ਇਸ ਦੋਸ਼ ਨੂੰ "ਬੇਤੁਕਾ" ਕਹਿ ਕੇ ਖਾਰਜ ਕਰ ਦਿੱਤਾ ਸੀ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਦੋਵਾਂ ਧਿਰਾਂ ਨੇ ਸਬੰਧਾਂ ਨੂੰ ਆਮ ਬਣਾਉਣ ਅਤੇ ਗੱਲਬਾਤ ਨੂੰ ਮੁੜ ਸੁਰਜੀਤ ਕਰਨ ਲਈ ਕਈ ਕਦਮ ਚੁੱਕੇ ਹਨ।


author

Harpreet SIngh

Content Editor

Related News