ਆਸਟ੍ਰੇਲੀਆ-ਕੈਨੇਡਾ ਨਾਲ ਤਕਨੀਕ ਭਾਈਵਾਲੀ ਦਾ ਐਲਾਨ
Saturday, Nov 22, 2025 - 10:25 PM (IST)
ਕੇਪ ਟਾਊਨ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਦੇ ਜੋਹਾਨਸਬਰਗ ’ਚ ਜੀ-20 ਸਿਖਰ ਸੰਮੇਲਨ ਦੌਰਾਨ ਆਸਟ੍ਰੇਲੀਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਨਾਲ ਬੈਠਕ ਤੋਂ ਬਾਅਦ ਇਕ ਨਵੀਂ ਤਿੰਨ ਧਿਰੀ ਤਕਨੀਕ ਤੇ ਨਵੀਨੀਕਰਨ ਭਾਈਵਾਲੀ ਦਾ ਐਲਾਨ ਕੀਤਾ।
ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਮੰਚ ’ਤੇ ਇਕ ਪੋਸਟ ਵਿਚ ਕਿਹਾ,‘‘ਸਾਨੂੰ ਅੱਜ ਆਸਟ੍ਰੇਲੀਆ-ਕੈਨੇਡਾ-ਭਾਰਤ ਤਕਨੀਕ ਤੇ ਨਵੀਨੀਕਰਨ (ਏ. ਸੀ. ਆਈ. ਟੀ. ਆਈ.) ਭਾਈਵਾਲੀ ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਇਹ ਪਹਿਲ ਉਭਰਦੀਆਂ ਤਕਨੀਕਾਂ ਵਿਚ 3 ਮਹਾਦੀਪਾਂ ਤੇ 3 ਮਹਾਸਾਗਰਾਂ ’ਚ ਫੈਲੇ ਜਮਹੂਰੀ ਭਾਈਵਾਲਾਂ ਦਰਮਿਆਨ ਸਹਿਯੋਗ ਨੂੰ ਹੋਰ ਵਧਾਏਗੀ, ਨਾਲ ਹੀ ਸਪਲਾਈ ਲੜੀਆਂ ਵਿਚ ਵੰਨ-ਸੁਵੰਨਤਾ, ਸਵੱਛ ਊਰਜਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵੱਡੇ ਪੱਧਰ ’ਤੇ ਵਰਤੋਂ ’ਚ ਮਦਦਗਾਰ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਇਸ ਮੁਲਾਕਾਤ ਤੋਂ ਇਲਾਵਾ ਬ੍ਰਿਟਿਸ਼ ਹਮਅਹੁਦਾ ਕੀਰ ਸਟਾਰਮਰ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨਾਲ ਵੀ ਬੈਠਕ ਕੀਤੀ।
ਜੀ-20 ਸਮਿਟ ਭਾਰਤ ਲਈ ਖਾਸ
ਦੱਖਣੀ ਅਫਰੀਕਾ ’ਚ ਹੋ ਰਹੀ ਇਸ ਸਾਲ ਦੀ ਜੀ-20 ਸਮਿਟ ਭਾਰਤ ਲਈ ਇਸ ਲਈ ਖਾਸ ਹੈ ਕਿਉਂਕਿ 2023 ’ਚ ਆਪਣੀ ਪ੍ਰਧਾਨਗੀ ਦੌਰਾਨ ਭਾਰਤ ਨੇ ਅਫਰੀਕਨ ਯੂਨੀਅਨ ਨੂੰ ਜੀ-20 ਦਾ ਮੈਂਬਰ ਬਣਵਾਇਆ ਸੀ।
ਹੁਣ ਪਹਿਲੀ ਵਾਰ ਅਫਰੀਕਾ ਵਿਚ ਸਮਿਟ ਹੋ ਰਹੀ ਹੈ। ਇਸ ਕਾਰਨ ਸਾਰੇ ਅਫਰੀਕੀ ਦੇਸ਼ਾਂ ਵਿਚ ਭਾਰਤ ਦਾ ਸਨਮਾਨ ਵਧਿਆ ਹੈ। ਸ਼ੁੱਕਰਵਾਰ ਨੂੰ ਪੀ. ਐੱਮ. ਮੋਦੀ ਦੇ ਨਾਲ ਅਫਰੀਕਾ ਪਹੁੰਚਣ ’ਤੇ ਸਥਾਨਕ ਕਲਾਕਾਰਾਂ ਨੇ ਉਨ੍ਹਾਂ ਦੇ ਸਨਮਾਨ ’ਚ ਜ਼ਮੀਨ ’ਤੇ ਲੇਟ ਕੇ ਸਵਾਗਤ ਕੀਤਾ। ਟਰੰਪ, ਪੁਤਿਨ ਤੇ ਜਿਨਪਿੰਗ ਦੀ ਗੈਰ-ਮੌਜੂਦਗੀ ’ਚ ਭਾਰਤ ਸਮਿਟ ਦਾ ਸਭ ਤੋਂ ਪ੍ਰਮੁੱਖ ਚਿਹਰਾ ਬਣ ਗਿਆ ਹੈ। ਪੀ. ਐੱਮ. ਮੋਦੀ ਨੇ ਸਮਿਟ ਦੇ ਤਿੰਨੋਂ ਅਹਿਮ ਸੈਸ਼ਨਾਂ ਵਿਚ ਆਰਥਿਕ ਵਿਕਾਸ, ਕਲਾਈਮੇਟ ਰੇਜ਼ੀਲੀਐਂਸ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ’ਤੇ ਭਾਰਤ ਦਾ ਪੱਖ ਰੱਖਿਆ।
