ਨਾਗਰਿਕਤਾ ਨਿਯਮਾਂ ''ਚ ਵੱਡਾ ਬਦਲਾਅ ਕਰਨ ਜਾ ਰਿਹਾ ਕੈਨੇਡਾ ! ਹਜ਼ਾਰਾਂ ਭਾਰਤੀ ਪਰਿਵਾਰਾਂ ਨੂੰ ਹੋਵੇਗਾ ''ਫ਼ਾਇਦਾ''
Monday, Nov 24, 2025 - 09:29 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਆਪਣੇ ਨਾਗਰਿਕਤਾ ਕਾਨੂੰਨ ’ਚ ਵੱਡੇ ਬਦਲਾਅ ਕਰਨ ਵਾਲਾ ਹੈ। ਕੈਨੇਡਾ ਦੇ ਸੀ-3 ਐਕਟ ਤਹਿਤ ਸਿਟੀਜ਼ਨਸ਼ਿਪ ਐਕਟ ’ਚ ਇਹ ਬਦਲਾਅ ਕੀਤੇ ਜਾਣਗੇ। ਖਾਸ ਤੌਰ ’ਤੇ ਇਹ ਵੰਸ਼ ਦੇ ਆਧਾਰ ’ਤੇ ਨਾਗਰਿਕਤਾ ਦੇਣ ’ਚ ਨਰਮੀ ਲਈ ਹੈ।
ਕੈਨੇਡਾ ਸਰਕਾਰ ਦੇ ਇਸ ਕਦਮ ਨਾਲ ਭਾਰਤੀ ਮੂਲ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਹੋਵੇਗਾ। ਕੈਨੇਡਾ ’ਚ ਰਹਿਣ ਵਾਲੇ ਵਿਦੇਸ਼ੀਆਂ ’ਚ ਭਾਰਤੀ ਨਾਗਰਿਕਾਂ ਦੀ ਵੱਡੀ ਗਿਣਤੀ ਹੈ, ਅਜਿਹੇ ’ਚ ਭਾਰਤੀ ਪਰਿਵਾਰ ਇਸ ਬਦਲਾਅ ਦੇ ਸਭ ਤੋਂ ਵੱਡੇ ਲਾਭਪਾਤਰੀ ਹੋ ਸਕਦੇ ਹਨ।
ਕੈਨੇਡਾ ਦੀ ਸਰਕਾਰ ਨੇ ਅਜੇ ਤੱਕ ਇਸ ਕਾਨੂੰਨ ਦੇ ਲਾਗੂ ਹੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਹਕੀਕਤ ਬਣ ਜਾਵੇਗਾ। ਇਸ ਬਦਲਾਅ ਨਾਲ ਸੈਕਿੰਡ ਜੈਨਰੇਸ਼ਨ ਕੱਟ-ਆਫ ਖਤਮ ਹੋ ਜਾਵੇਗੀ। ਦਰਅਸਲ ਮੌਜੂਦਾ ਨਿਯਮਾਂ ਤਹਿਤ ਕੈਨੇਡੀਅਨ ਨਾਗਰਿਕ ਦੇ ਕੈਨੇਡਾ ਦੇ ਬਾਹਰ ਪੈਦਾ ਹੋਏ ਬੱਚੇ ਨੂੰ ਨਾਗਰਿਕਤਾ ਨਹੀਂ ਮਿਲਦੀ ਹੈ। ਨਵਾਂ ਬਦਲਾਅ ਇਸ ਸਮੱਸਿਆ ਨੂੰ ਖਤਮ ਕਰਦਾ ਹੈ।
