ਗਰਭ ਅਵਸਥਾ ''ਚ ਆਈਬੂਪ੍ਰੋਫੇਨ ਦਾ ਸੇਵਨ ਕਰਨ ਨਾਲ ਇਸਤਰੀ ਭਰੂਣ ਨੂੰ ਹੋ ਸਕਦੈ ਗੰਭੀਰ ਨੁਕਸਾਨ

Saturday, Feb 03, 2018 - 08:42 AM (IST)

ਗਰਭ ਅਵਸਥਾ ''ਚ ਆਈਬੂਪ੍ਰੋਫੇਨ ਦਾ ਸੇਵਨ ਕਰਨ ਨਾਲ ਇਸਤਰੀ ਭਰੂਣ ਨੂੰ ਹੋ ਸਕਦੈ ਗੰਭੀਰ ਨੁਕਸਾਨ

ਲੰਡਨ, (ਭਾਸ਼ਾ)— ਗਰਭ ਅਵਸਥਾ ਦੇ ਸ਼ੁਰੂਆਤੀ ਸਮੇਂ ਵਿਚ ਆਈਬੂਪ੍ਰੋਫੇਨ ਦਾ ਸੇਵਨ ਕਰਨ ਨਾਲ ਇਸਤਰੀ ਭਰੂਣ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਇਸ ਦਾ ਸੇਵਨ ਕਰਨ ਵਾਲੀ ਮਾਂ ਦੀ ਇਸਤਰੀ ਸੰਤਾਨ ਦੀ ਆਉਣ ਵਾਲੇ ਸਮੇਂ ਵਿਚ ਪ੍ਰਜਣਨ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।
ਖੋਜਕਾਰਾਂ ਨੂੰ ਅਧਿਐਨ ਵਿਚ ਪਤਾ ਲੱਗਾ ਕਿ ਜੇ ਗਰਭਵਤੀ ਔਰਤ ਗਰਭ ਅਵਸਥਾ ਦੇ ਪਹਿਲੇ 24 ਹਫਤਿਆਂ ਵਿਚ ਆਈਬੂਪ੍ਰੋਫੇਨ ਦੀ ਵਰਤੋਂ ਕਰਦੀਆਂ ਹਨ ਤਾਂ ਇਸ ਨਾਲ ਅੱਗੇ ਚੱਲ ਕੇ ਇਸਤਰੀ ਦੀ ਪ੍ਰਜਣਨ ਸਮਰੱਥਾ 'ਤੇ ਬੁਰਾ ਅਸਰ ਪੈਂਦਾ ਹੈ। ਖੋਜਕਾਰਾਂ ਨੂੰ ਸਬੂਤ ਮਿਲੇ ਹਨ ਕਿ ਭਰੂਣ ਵਿਕਾਸ ਦੇ ਪਹਿਲੇ ਤਿੰਨ ਅਹਿਮ ਮਹੀਨਿਆਂ ਵਿਚ ਇਸ ਦਵਾਈ ਦੀ ਵਰਤੋਂ ਨਾਲ ਜਰਮ ਸੈੱਲਸ ਵਿਚ ਖਤਰਨਾਕ ਰੂਪ ਨਾਲ ਕਮੀ ਆਉਂਦੀ ਹੈ। ਇਹ ਸੈੱਲਸ ਹੀ ਫਾਲੀਕਲਸ ਬਣਾਉਂਦੇ ਹਨ, ਜਿਸ ਨਾਲ ਅੱਗੇ ਜਾ ਕੇ ਲੜਕੀਆਂ ਦੇ ਅੰਡਾਣੂ ਬਣਦੇ ਹਨ। ਫਰਾਂਸ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਰਿਸਰਚ ਦੇ ਐੱਸ. ਐੱਮ. ਗੁਟਾਟ ਨੇ ਕਿਹਾ ਕਿ ਅਸੀਂ ਪਾਇਆ ਕਿ ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਆਈਬੂਪ੍ਰੋਫੇਨ ਦੇ ਦੋ ਤੋਂ ਸੱਤ ਦਿਨ ਦੀ ਵਰਤੋਂ ਨਾਲ ਇਸਤਰੀ ਭਰੂਣ ਦੇ ਅੰਡਾਣੂ ਵਿਚ ਜਰਮ ਸੈੱਲ ਦੇ ਭੰਡਾਰ ਨੂੰ ਗੰਭੀਰ ਰੂਪ ਨਾਲ ਘਟਾ ਦਿੱਤਾ ਅਤੇ ਅੰਡਾਣੂ ਇਸ ਨੁਕਸਾਨ ਤੋਂ ਉਭਰ ਨਹੀਂ ਸਕਿਆ। ਇਕ ਅਨੁਮਾਨ ਮੁਤਾਬਕ ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਵਿਚ 30 ਫੀਸਦੀ ਔਰਤਾਂ ਦਰਦ ਨੂੰ ਟਾਲਣ ਅਤੇ ਬੁਖਾਰ ਹੋਣ 'ਤੇ ਇਸ ਦਵਾਈ ਦੀ ਵਰਤੋਂ ਕਰਦੀਆਂ ਹਨ।


Related News