ਮੈਨੂੰ ਹਮੇਸ਼ਾ ਵਿਸ਼ਵਾਸ ਸੀ ਕਿ ਮੈਂ ਮੁਕਤ ਹੋ ਜਾਵਾਂਗੀ : ਆਸੀਆ ਬੀਬੀ
Saturday, Feb 29, 2020 - 08:43 PM (IST)
ਲੰਡਨ (ਭਾਸ਼ਾ)- ਪਾਕਿਸਤਾਨ ਦੀ ਈਸਾਈ ਮਹਿਲਾ ਆਸੀਆ ਬੀਬੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਤੋਂ ਵਿਸ਼ਵਾਸ ਸੀ ਕਿ ਇਕ ਦਿਨ ਉਹ ਮੁਕਤ ਹੋਵੇਗੀ। ਈਸ਼ਨਿੰਦਾ ਦੇ ਦੋਸ਼ ਹੇਠ 8 ਸਾਲ ਤੱਕ ਪਾਕਿਸਤਾਨ 'ਚ ਮੌਤ ਦੀ ਸਜ਼ਾ ਦੇ ਖੌਫ ਵਿਚ ਜੀਉਂਦੀ ਰਹੀ ਬੀਬੀ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਬੀਬੀ ਨੇ ਸ਼ੁੱਕਰਵਾਰ ਨੂੰ ਬੀਬੀਸੀ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਕ ਦਿਨ ਉਹ ਪਾਕਿਸਤਾਨ ਪਰਤ ਸਕੇਗੀ। ਉਨ੍ਹਾਂ ਨੇ ਪਾਕਿਸਤਾਨ ਦੀ ਜੇਲ 'ਚ ਅਧਿਕਾਰੀਆਂ ਵਲੋਂ ਦਿੱਤੇ ਗਏ ਤਸੀਹਿਆਂ ਅਤੇ ਉਨ੍ਹਾਂ ਵਲੋਂ ਕੀਤੇ ਗਏ ਵਰਤਾਓ ਨੂੰ ਯਾਦ ਕੀਤਾ।
ਇਸ ਵੇਲੇ ਆਸੀਆ ਰਹਿ ਰਹੀ ਹੈ ਕੈਨੇਡਾ ਵਿਚ
ਚਾਰ ਬੱਚਿਆਂ ਦੀ ਮਾਂ ਬੀਬੀ ਆਸੀਆ (47) ਇਸ ਸਮੇਂ ਕੈਨੇਡਾ ਵਿਚ ਰਹਿੰਦੀ ਹੈ। ਪਾਕਿਸਤਾਨ ਵਿਚ ਉਨ੍ਹਾਂ ਨੂੰ 2010 ਵਿਚ ਈਸ਼ਨਿੰਦਾ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਝਗੜੇ ਤੋਂ ਬਾਅਦ ਗੁਆਂਢੀਆਂ ਨੇ ਬੀਬੀ 'ਤੇ ਇਸਲਾਮ ਦੇ ਅਪਮਾਨ ਦਾ ਦੋਸ਼ ਲਗਾਇਆ ਸੀ। ਉਹ ਹਮੇਸ਼ਾ ਕਹਿੰਦੀ ਰਹੀ ਕਿ ਉਹ ਨਿਰਦੋਸ਼ ਹੈ, ਪਰ ਫਿਰ ਵੀ ਉਨ੍ਹਾਂ ਨੂੰ ਜੇਲ ਵਿਚ ਇਕੱਲਿਆਂ 8 ਸਾਲ ਬਿਤਾਉਣੇ ਪਏ। ਉਹ ਫ੍ਰੈਂਚ ਪੱਤਰਕਾਰ ਏਨੇ ਇਸਾਬੇਲ ਟਾਲੇਟ ਨਾਲ ਮਿਲ ਕੇ ਲਿਖੀ ਗਈ ਆਪਣੀ ਜੀਵਨੀ 'ਐਨਫਿਨ ਲਿਬਰੇ' ਦੇ ਪ੍ਰਚਾਰ ਲਈ ਫਰਾਂਸ ਵਿਚ ਸੀ। ਉਨ੍ਹਾਂ ਨੇ ਕਿਹਾ ਕਿ ਦੁੱਖ ਦੇ ਸਮੇਂ ਉਨ੍ਹਾਂ ਦੇ ਧਰਮ ਨੇ ਉਨ੍ਹਾਂ ਦੀ ਮਦਦ ਕੀਤੀ।
ਬੀਬੀ ਨੇ ਕਿਹਾ ਕਿ ਉਨ੍ਹਾਂ ਨੂੰ (ਪਾਕਿਸਤਾਨੀਆਂ) ਮੈਨੂੰ ਕਿਹਾ ਕਿ ਤੂੰ ਆਪਣਾ ਧਰਮ ਬਦਲ ਲੈ, ਤੈਨੂੰ ਮੁਕਤ ਕਰ ਦਿੱਤਾ ਜਾਵੇਗਾ। ਪਰ ਮੈਂ ਕਿਹਾ ਕਿ ਨਹੀਂ ਮੈਂ ਆਪਣੇ ਧਰਮ ਦੇ ਨਾਲ ਆਪਣੀ ਸਜ਼ਾ ਦਾ ਸਾਹਮਣਾ ਕਰਾਂਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਵਿਸ਼ਵਾਸ ਸੀ ਕਿ ਉਨ੍ਹਾਂ ਨੂੰ ਬਰੀ ਕਰ ਦਿੱਤਾ ਜਾਵੇਗਾ। ਬੀਬੀਸੀ ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਕਿ ਮੈਨੂੰ ਆਪਣੇ ਪਤੀ ਤੋਂ ਪਤਾ ਲੱਗਾ ਕਿ ਪੂਰਾ ਵਿਸ਼ਵ ਮੇਰੇ ਲਈ ਪ੍ਰਾਰਥਨਾ ਕਰ ਰਿਹਾ ਹੈ। ਇਸ ਤੋਂ ਮੈਨੂੰ ਲੱਗਾ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਯਕੀਨੀ ਤੌਰ 'ਤੇ ਮੈਨੂੰ ਬਰੀ ਕਰਵਾਉਣਗੀਆਂ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੱਦਾ ਦਿੱਤਾ ਕਿ ਉਹ ਈਸ਼ਨਿੰਦਾ 'ਚ ਢੁੱਕਵੇਂ ਤੌਰ 'ਤੇ ਦੋਸ਼ੀ ਬਣਾਈ ਗਈ ਅਤੇ ਦੋਸ਼ੀ ਕਰਾਰ ਦਿੱਤੇ ਗਏ ਹਰ ਵਿਅਕਤੀ ਨੂੰ ਰਿਹਾਅ ਕਰਨ ਅਤੇ ਦੋਸ਼ਾਂ ਦੀ ਉਚਿਤ ਜਾਂਚ ਯਕੀਨੀ ਕਰਨ।
ਆਸਿਆ ਪਾਕਿਸਤਾਨ ਬਾਰੇ ਅਜੇ ਵੀ ਰੱਖਦੀ ਹੈ ਹਾਂ-ਪੱਖੀ ਸੋਚ
ਆਪਣੀ ਭਿਆਨਕ ਕਹਾਣੀ ਦੇ ਬਾਵਜੂਦ ਬੀਬੀ ਅਜੇ ਵੀ ਪਾਕਿਸਤਾਨ ਬਾਰੇ ਹਾਂ ਪੱਖੀ ਸੋਚ ਰੱਖਦੀ ਹੈ। ਉਨ੍ਹਾਂ ਨੇ ਇਕ ਦਿਨ ਪਾਕਿਸਤਾਨ ਪਰਤਣ ਦੀ ਉਮੀਦ ਜਤਾਈ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਦੇਸ਼ ਸੀ, ਜਿਸ ਨੇ ਮੈਨੂੰ ਬਰੀ ਕੀਤਾ। ਉਸ 'ਤੇ ਮੈਨੂੰ ਮਾਣ ਹੈ। ਮੈਂ ਖੁਦ ਦੇਸ਼ ਛੱਡਿਆ ਕਿਉਂਕਿ ਮੈਨੂੰ ਉਥੇ ਖਤਰਾ ਸੀ। ਉਥੇ ਮੈਨੂੰ ਕਦੇ ਵੀ ਕੁਝ ਵੀ ਹੋ ਸਕਦਾ ਸੀ। ਇਸ ਲਈ ਮੈਂ ਆਪਣਾ ਦੇਸ਼ ਛੱਡਿਆ ਪਰ ਮੇਰੇ ਦਿਲ ਵਿਚ ਅਜੇ ਵੀ ਆਪਣੇ ਦੇਸ਼ ਲਈ ਪਹਿਲਾਂ ਵਰਗਾ ਪਿਆਰ ਹੈ।
ਮੈਂ ਅਜੇ ਵੀ ਆਪਣੇ ਦੇਸ਼ ਦਾ ਸਨਮਾਨ ਕਰਦੀ ਹਾਂ ਅਤੇ ਮੈਂ ਉਹ ਦਿਨ ਦੇਖਣਾ ਚਾਹੁੰਦੀ ਹਾਂ ਜਦੋਂ ਮੈਂ ਉਥੇ ਵਾਪਸ ਜਾ ਸਕਾਂਗੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 31 ਅਕਤੂਬਰ 2018 ਨੂੰ ਬੀਬੀ ਨੂੰ ਈਸ਼ਨਿੰਦਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਅਦਾਲਤ ਦੇ ਇਸ ਫੈਸਲੇ ਤੋਂ ਪਾਕਿਸਤਾਨ 'ਚ ਰੋਸ ਭੜਕ ਗਿਆ ਸੀ ਅਤੇ ਇਸਲਾਮੀ ਰਾਜਨੀਤੀ ਦਲ 'ਤਹਿਰੀਕ ਏ ਲਬੈਕ ਪਾਕਿਸਤਾਨ' ਅਤੇ ਹੋਰ ਸਮੂਹਾਂ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਸਤਿਆਂ ਅਤੇ ਸੜਕਾਂ ਨੂੰ ਰੋਕ ਦਿੱਤਾ ਸੀ।
ਪਾਕਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਆਸੀਆ ਦੇ ਪਤੀ ਨੇ ਕੀਤੀ ਸੀ ਪੂਰੀ ਦੁਨੀਆ ਨੂੰ ਅਪੀਲ
ਆਸੀਆ ਬੀਬੀ ਦੇ ਪਤੀ ਆਸ਼ਿਕ ਮਸੀਹ ਨੇ ਇਕ ਵੀਡੀਓ ਰਾਹੀਂ ਅਮਰੀਕੀ ਰਾਸ਼ਟਰਪਤੀ, ਬ੍ਰਿਟੇਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਸਣੇ ਪੂਰੀ ਦੁਨੀਆ ਦੇ ਨੇਤਾਵਾਂ ਨੂੰ ਅਪੀਲ ਕੀਤੀ ਸੀ ਕਿ ਉਹ ਬੀਬੀ ਨੂੰ ਪਾਕਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕਰਨ। ਸੈਂਟਰ ਫਾਰ ਸੋਸ਼ਲ ਜਸਟਿਸ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ 'ਚ 1987 ਤੋਂ 2017 ਤੱਕ ਈਸ਼ਨਿੰਦਾ ਕਾਨੂੰਨ ਤਹਿਤ 720 ਮੁਸਲਮਾਨਾਂ, 516 ਅਹਿਮਦੀਆਂ, 238 ਈਸਾਈਆਂ ਅਤੇ 31 ਹਿੰਦੂਆਂ ਨੂੰ ਦੋਸ਼ੀ ਬਣਾਇਆ ਗਿਆ ਹੈ।