ਸਿਡਨੀ 'ਚ ਪੰਜਾਬਣ ਪਤਨੀ ਦੇ ਕਤਲ ਦੇ ਦੋਸ਼ੀ ਪਤੀ ਨੂੰ ਮਿਲੀ ਜ਼ਮਾਨਤ

12/02/2017 12:11:05 PM

ਸਿਡਨੀ (ਏਜੰਸੀ)— ਸਿਡਨੀ 'ਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਪੰਜਾਬਣ ਦੇ ਕਤਲ ਦੇ ਦੋਸ਼ੀ ਪਤੀ ਨੂੰ ਜ਼ਮਾਨਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਰਾਊਸ ਹਿੱਲ ਸਥਿਤ ਘਰ 'ਚ 2 ਦਸੰਬਰ 2013 ਨੂੰ ਪਰਵਿੰਦਰ ਕੌਰ ਸੜੀ ਹੋਈ ਹਾਲਤ ਵਿਚ ਮਿਲੀ ਸੀ। ਪਰਵਿੰਦਰ 90 ਫੀਸਦੀ ਝੁਲਸ ਗਈ ਸੀ ਅਤੇ ਅਗਲੇ ਦਿਨ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ। ਬੀਤੇ ਮਹੀਨੇ ਯਾਨੀ ਕਿ 1 ਨਵੰਬਰ ਨੂੰ ਪਰਵਿੰਦਰ ਦੇ 37 ਸਾਲਾ ਪਤੀ ਕੁਲਵਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਉਦੋਂ ਤੋਂ ਉਹ ਪੁਲਸ ਦੀ ਹਿਰਾਸਤ 'ਚ ਹੈ ਅਤੇ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ। 

PunjabKesari
ਸਿਡਨੀ ਪੁਲਸ ਦਾ ਕਹਿਣਾ ਹੈ ਕਿ ਇਹ ਮਾਮਲਾ ਕਾਫੀ ਗੁੰਝਲਦਾਰ ਹੈ,ਕਿਉਂਕਿ ਇਸ ਪੂਰੇ ਮਾਮਲੇ ਵਿਚ ਕੋਈ ਗਵਾਹ ਨਹੀਂ ਸੀ। ਲੰਬੀ ਜਾਂਚ ਤੋਂ ਬਾਅਦ ਪਰਵਿੰਦਰ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪਰਵਿੰਦਰ ਦੀ ਮੌਤ ਦਾ ਮਾਮਲਾ ਨਿਊ ਸਾਊਥ ਵੇਲਜ਼ ਦੀ ਲੋਕਲ ਕੋਰਟ 'ਚ ਚੱਲ ਰਿਹਾ ਹੈ। ਕੋਰਟ ਨੂੰ ਦੱਸਿਆ ਗਿਆ ਕਿ ਰਾਊਸ ਹਿੱਲ ਸਥਿਤ ਘਰ 'ਚੋਂ ਮਿਲੇ ਕੈਨ ਅਤੇ ਸਿਗਰਟ ਲੈਟਰ 'ਤੇ ਪਰਵਿੰਦਰ ਕੌਰ ਦੀਆਂ ਉਂਗਲਾਂ ਦੇ ਨਿਸ਼ਾਨ ਸਨ, ਨਾ ਕਿ ਉਸ ਦੇ ਪਤੀ ਦੇ।ਪੁਲਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਪਰਵਿੰਦਰ ਕੌਰ ਘੇਰਲੂ ਹਿੰਸਾ ਦੀ ਸ਼ਿਕਾਰ ਹੋਈ ਹੋਵੇ ਪਰ ਉਸ ਦਾ ਪਤੀ ਕੁਲਵਿੰਦਰ ਸਿੰਘ ਸ਼ੁਰੂ ਤੋਂ ਹੀ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ। ਓਧਰ ਕੋਰਟ 'ਚ ਕੁਲਵਿੰਦਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਕੰਮ 'ਤੇ ਵਾਪਸ ਜਾ ਸਕੇ। ਇੱਥੇ ਦੱਸ ਦੇਈਏ ਕਿ ਕੁਲਵਿੰਦਰ ਰੇਲਵੇ 'ਚ ਪਿਛਲੇ 18 ਸਾਲਾਂ ਤੋਂ ਕੰਮ ਕਰ ਰਿਹਾ ਹੈ। ਕੁਲਵਿੰਦਰ ਹਮੇਸ਼ਾ ਤੋਂ ਦਾਅਵਾ ਕਰਦਾ ਆ ਰਿਹਾ ਹੈ ਕਿ ਪਰਵਿੰਦਰ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹੈ। ਪੁਲਸ ਮਾਮਲੇ ਨੂੰ ਲੈ ਕੇ ਅਜੇ ਵੀ ਸਬੂਤ ਇਕੱਠੇ ਕਰ ਰਹੀ ਹੈ, ਤਾਂ ਕਿ ਪਰਵਿੰਦਰ ਦੇ ਕਤਲ ਦੀ ਗੁੱਥੀ ਸੁਲਝ ਸਕੇ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਪਰਵਿੰਦਰ ਕੌਰ ਦਾ 2005 'ਚ ਕੁਲਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਅਗਲੇ ਸਾਲ 2006 'ਚ ਉਹ ਸਿਡਨੀ ਆ ਗਈ ਸੀ। 2 ਦਸੰਬਰ 2013 'ਚ ਪਰਵਿੰਦਰ ਘਰ 'ਚ ਗੰਭੀਰ ਰੂਪ ਨਾਲ ਸੜੀ ਹੋਈ ਮਿਲੀ ਸੀ। ਅਗਲੇ ਦਿਨ ਹਸਪਤਾਲ 'ਚ ਪਰਵਿੰਦਰ ਦੀ ਮੌਤ ਹੋ ਗਈ ਸੀ।


Related News