ਹੁਵਾਵੇਈ ਦੀ CFO ਦੀ ਗ੍ਰਿਫਤਾਰੀ ਤੋਂ ਬਾਅਦ ਚੀਨ-ਕੈਨੇਡਾ ਦੇ ਰਿਸ਼ਤਿਆਂ ’ਚ ਕੜਵਾਹਟ

08/07/2020 11:23:53 AM

ਜਲੰਧਰ/ਟੋਰਾਂਟੋ, (ਵਿਸ਼ੇਸ਼)- ਚੀਨ ਦੇ ਦੁਨੀਆ ਦੇ ਵੱਡੇ ਦੇਸ਼ਾਂ ਨਾਲ ਖਰਾਬ ਹੁੰਦੇ ਸਬੰਧਾਂ ਦੀ ਇਸ ਸੀਰੀਜ਼ ’ਚ ਅੱਜ ਅਸੀਂ ਚੀਨ ਅਤੇ ਕੈਨੇਡਾ ਦੇ ਰਿਸ਼ਤਿਆਂ ਦੀ ਗੱਲ ਕਰਾਂਗੇ। ਚੀਨੀ ਕੰਪਨੀ ਹੁਵਾਵੇਈ ਦੀ ਸੀ. ਐੱਫ. ਓ. ਮੇਂਗ ਵਾਨਝੋਉ ਈਰਾਨ ’ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਤੋੜਨ ਦੇ ਮਾਮਲੇ ’ਚ ਅਮਰੀਕਾ ਨੂੰ ਲੋੜੀਂਦੀ ਸੀ। ਕੈਨੇਡਾ ਨੇ 2018 ’ਚ ਉਸਨੂੰ ਵੈਨਕੂਵਰ ਏਅਰਪੋਰਟ ’ਤੇ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਤੋਂ ਹੀ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਕੜਵਾਹਟ ਆਉਣੀ ਸ਼ੁਰੂ ਹੋ ਗਈ। ਉਥੇ, ਚੀਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਵਰ ਨੂੰ ਜਾਸੂਸੀ ਦੇ ਦੋਸ਼ ’ਚ 10 ਦਸੰਬਰ, 2018 ਨੂੰ ਚੀਨ ’ਚ ਗ੍ਰਿਫਤਾਰ ਕਰ ਲਿਆ ਸੀ। ਚੀਨ ਨੇ ਦੋਨਾਂ ਦੇ ਖਿਲਾਫ ਪਿਛਲੇ ਮਹੀਨੇ ਹੀ ਚਾਰਜ਼ਸ਼ੀਟ ਦਾਇਰ ਕੀਤੀ ਸੀ ਅਤੇ ਚੀਨੀ ਕਾਨੂੰਨ ਮੁਤਾਬਕ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਦੋਸ਼ੀ ਦਾ ਬਚਣਾ ਲਗਭਗ ਨਾਮੁਮਕਿਨ ਹੈ। ਹੁਣ ਹਾਲਾਤ ਇਹ ਹਨ ਕਿ ਚੀਨ ਆਏ ਦਿਨ ਕੈਨੇਡਾ ਦੇ ਕਿਸੇ ਨਾ ਕਿਸੇ ਨਾਗਰਿਕ ’ਤੇ ਕੋਈ ਵੱਡੀ ਕਾਰਵਾਈ ਕਰ ਰਿਹਾ ਹੈ। ਵੀਰਵਾਰ ਨੂੰ ਉਸਨੇ ਕੈਨੇਡਾ ਦੇ ਇਕ ਨਾਗਰਿਕ ਸ਼ੁ ਵੇਈਹੋਂਗ ਨੂੰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ’ਚ ਸਜ਼ਾ-ਏ-ਮੌਤ ਜਦਕਿ ਉਸ ਦੇ ਇਕ ਹੋਰ ਸਾਥੀ ਵੇਨ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।

ਕਿਉਂ ਹੋਈ ਮੌਤ ਦੀ ਸਜ਼ਾ?

ਮਿਊਂਸੀਪਲ ਇੰਟਰਮੀਡੀਏਟ ਕੋਰਟ ਦੇ ਬਿਆਨ ’ਚ ਕੈਨੇਡਾਈ ਨਾਗਰਿਕ ਨੂੰ ਸੁਣਾਈ ਇਕ ਮੌਤ ਦੀ ਸਜ਼ਾ ਦੇ ਮਾਮਲੇ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਥਾਨਕ ਮੀਡੀਆ ਨੇ ਕਿਹਾ ਹੈ ਕਿ ਸ਼ੁ ਅਤੇ ਵੇਨ ਅਕਤੂਬਰ 2016 ਤੋਂ ਕੇਟਾਮਾਈਨ ਬਣਾ ਰਹੇ ਸਨ। ਉਹ ਡਰੱਗ ਬਣਾਉਣ ਤੋਂ ਬਾਅਦ ਸ਼ੁ ਦੇ ਗੁਆਂਗਝੋਉ ਸਥਿਤ ਘਰ ’ਚ ਸਟੋਰ ਕਰਦੇ ਸਨ। ਬਾਅਦ ’ਚ ਪੁਲਸ ਨੇ ਉਸਦੇ ਘਰ ਅਤੇ ਹੋਰ ਟਿਕਾਣਿਆਂ ਤੋਂ 120 ਕਿਲੋਗ੍ਰਾਮ (266 ਪੌਂਡ) ਡਰੱਗ ਬਰਾਮਦ ਕੀਤੀ ਸੀ। ਮੌਤ ਦੀ ਸਜ਼ਾ ਦੀ ਸਮੀਖਿਆ ਲਈ ਦੇਸ਼ ਦੀ ਸੁਪਰੀਮ ਕੋਰਟ ’ਚ ਭੇਜ ਦਿੱਤਾ ਗਿਆ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਹੈ ਕਿ ਸ਼ੁ ਦੀ ਸਜ਼ਾ ਨਾਲ ਚੀਨ-ਕੈਨੇਡਾ ਦੇ ਰਿਸ਼ਤਿਆਂ ’ਤੇ ਕੋਈ ਅਸਰ ਨਹੀਂ ਪਵੇਗਾ।

ਪਹਿਲਾਂ ਵੀ 2 ਕੈਨੇਡਾਈ ਸਮੱਗਲਰਾਂ ਨੂੰ ਸਜ਼ਾ-ਏ-ਮੌਤ

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੀਨ ਨੇ ਕੈਨੇਡਾ ਦੇ ਕਿਸੇ ਨਾਗਰਿਕ ਨੂੰ ਸਜ਼ਾ-ਏ-ਮੌਤ ਦਿੱਤੀ ਹੋਵੇ ਸਗੋਂ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ 2 ਕੈਨੇਡਾਈ ਨਾਗਰਿਕਾਂ ਨੂੰ ਡਰੱਗ ਸਮੱਗਲਿੰਗ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਨਵਰੀ 2019 ’ਚ ਰਾਬਰਟ ਲਾਇਡ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕੈਨੇਡਾ ਦੇ ਪੀ. ਐੱਮ. ਜਸਟਿਨ ਟਰੂਡੋ ਨੇ ਚੀਨ ’ਤੇ ਸਜ਼ਾ ਰਾਹੀਂ ਮਨਮਰਜ਼ੀ ਕਰਨ ਦਾ ਦੋਸ਼ ਲਗਾਇਆ ਸੀ। ਉਸ ਤੋਂ ਬਾਅਦ ਮਈ ’ਚ ਵੀ ਇਕ ਸਮੱਗਲਰ ਫਾਨ ਵੇਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਚੀਨ ਦੇ ਬਾਈਕਾਟ ਦੇ ਪੱਖ ’ਚ 80 ਫੀਸਦੀ ਕੈਨੇਡਾਈ ਨਾਗਰਿਕ

ਕੈਨੇਡਾ ਅਤੇ ਚੀਨ ਦੇ ਵਿਗੜਦੇ ਰਿਸ਼ਤਿਆਂ ਸਬੰਧੀ ਹਾਲ ਹੀ ਵਿਚ ਇਕ ਸਰਵੇ ਕੀਤਾ ਗਿਆ। ਸਰਵੇ ’ਚ ਸ਼ਾਮਲ 80 ਫੀਸਦੀ ਕੈਨੇਡਾਈ ਨਾਗਰਿਕਾਂ ਨੇ ਚੀਨੀ ਉਤਪਾਦ ਦੇ ਬਾਈਕਾਟ ਦਾ ਸਮਰਥਨ ਕੀਤਾ ਹੈ। ਸਰਵੇ ਕਰਨ ਵਾਲੀ ਏਜੰਸੀ ‘ਅੰਗਸ ਰੀਡ ਇੰਸਟੀਚਿਊਟ’ ਨੇ ਦੱਸਿਆ, ਸਰਵੇ ’ਚ ਸ਼ਾਮਲ ਜ਼ਿਆਦਾਤਰ ਲੋਕਾਂ ਨੇ ਮੰਨਿਆ ਕਿ ਚੀਨ ਦੇ ਉਤਪਾਦ ਦਾ ਬਾਈਕਾਟ ਕਰ ਕੇ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ।

ਕੈਨੇਡਾ ਨੇ ਹਾਂਗਕਾਂਗ ਨਾਲ ਮੁਅੱਤਲ ਕੀਤਾ ਸੀ ਹਵਾਲਗੀ ਸਮਝੌਤਾ
ਚੀਨ ਵਲੋਂ ਬਣਾਏ ਗਏ ਨਵੇਂ ਸੁਰੱਖਿਆ ਕਾਨੂੰਨ ਦੇ ਜਵਾਬ ’ਚ ਕੈਨੇਡਾ ਨੇ ਹਾਂਗਕਾਂਗ ਨਾਲ ਆਪਣਾ ਹਵਾਲਗੀ ਸਮਝੌਤਾ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਲੋਂ ਹਾਂਗਕਾਂਗ ਨੂੰ ਸੰਵੇਦਨਸ਼ੀਲ ਫੌਜੀ ਸਾਜੋ-ਸਾਮਾਨ ਦਾ ਦਰਾਮਦ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਹਾਂਗਕਾਂਗ ਦੇ ਸਮਰਥਨ ’ਚ ਖੜ੍ਹਾ ਰਹੇਗਾ।


Lalita Mam

Content Editor

Related News