ਟੈਕਸਾਸ 'ਚ ਮਾਂ ਨੇ ਪੈਸਿਆਂ ਖਾਤਰ ਆਪਣੇ ਹੀ 6 ਸਾਲਾਂ ਬੱਚੇ ਦਾ ਕੀਤਾ ਕਤਲ
Sunday, Apr 04, 2021 - 12:02 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਟੈਕਸਾਸ ਦੇ ਹਿਊਸਟਨ 'ਚ ਇੱਕ ਮਾਂ 'ਤੇ ਉਸ ਦੇ ਹੀ 6 ਸਾਲ ਦੇ ਬੱਚੇ ਨੂੰ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ 'ਚ 25 ਸਾਲਾ ਐਸ਼ਲੇ ਮਾਰਕਸ 'ਤੇ ਆਪਣੇ ਹੀ ਪੁੱਤਰ, ਜੇਸਨ ਸੈਂਚੇਜ਼ ਮਾਰਕਸ ਨੂੰ ਮੈਥ, ਕੋਕੀਨ ਅਤੇ ਹੋਰ ਨਸ਼ੇ ਖਵਾਉਣ ਦੇ ਇਲਜ਼ਾਮ ਹਨ, ਜਿਸ ਨਾਲ ਉਸ ਦੀ ਜੂਨ 2020 'ਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ-'ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੌਰਾਨ ਸਿੱਖਿਆ ਨੂੰ ਬਚਾਉਣ'
ਇਸ ਸੰਬੰਧੀ ਸਰਕਾਰੀ ਵਕੀਲ ਅਨੁਸਾਰ ਮਾਰਕਸ ਨੇ ਜੀਵਨ ਬੀਮਾ ਪਾਲਿਸੀਆਂ ਦੀ ਰਾਸ਼ੀ ਇਕੱਤਰ ਕਰਨ ਲਈ ਲੜਕੇ ਦੀ ਹੱਤਿਆ ਕੀਤੀ, ਜਿਨ੍ਹਾਂ ਦੀ ਕੁੱਲ ਕੀਮਤ 1,00,000 ਡਾਲਰ ਹੈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਮਾਰਕਸ 'ਤੇ ਕਲੋਰਫੇਨੀਰਾਮਾਈਨ, ਡਿਫੇਨਹਾਈਡ੍ਰਾਮਾਈਨ, ਜੋ ਕਿ ਐਲਰਜੀ ਦੀਆਂ ਦਵਾਈਆਂ ਹਨ, ਅਤੇ ਡੈਕਸਟ੍ਰੋਮੇਥੋਰਫਨ, ਖੰਘ ਦੀ ਦਵਾਈ ਹੈ, ਦੇਣ ਦਾ ਵੀ ਦੋਸ਼ ਲਾਇਆ ਗਿਆ ਹੈ। ਟੈਕਸਾਸ ਦੇ ਪਰਿਵਾਰਕ ਅਤੇ ਸੁਰੱਖਿਆ ਸੇਵਾਵਾਂ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਜੇਸਨ ਅਤੇ ਉਸ ਦੀ ਛੋਟੀ ਭੈਣ ਅਪ੍ਰੈਲ 2020 'ਚ ਆਪਣੇ ਦਾਦੇ ਕੋਲ ਗਏ ਸਨ, ਅਤੇ ਮਾਰਕਸ ਬੱਚਿਆਂ ਨੂੰ ਦਵਾਈ ਦੇਣ ਲਈ ਉਸ ਦੇ ਘਰ ਗਈ ਸੀ, ਪਰ ਲੜਕੀ ਨੇ ਇਸ ਦੌਰਾਨ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ-ਵੈਕਸੀਨ ਲਵਾਉਣ ਦੇ ਬਾਵਜੂਦ ਵੀ ਇਸ ਦੇਸ਼ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ
ਇਸ ਸੰਬੰਧੀ ਦਾਦੇ ਨੇ ਦੱਸਿਆ ਕਿ ਉਸ ਨੇ ਕਈ ਵਾਰ ਮਾਰਕਸ ਨਾਲ ਸੰਪਰਕ ਕੀਤਾ ਕਿਉਂਕਿ 6 ਸਾਲ ਦਾ ਬੱਚਾ ਬੀਮਾਰ ਸੀ। ਪਰ ਨਾ ਤਾਂ ਮਾਂ ਅਤੇ ਨਾ ਹੀ ਦਾਦੇ ਨੇ 6 ਸਾਲਾਂ ਬੱਚੇ ਲਈ ਡਾਕਟਰੀ ਸਹਾਇਤਾ ਮੰਗੀ ਜਦਕਿ ਬੱਚੇ ਦੀ ਹਾਲਤ ਵਿਗੜਦੀ ਗਈ। ਇਸ ਕੇਸ ਸੰਬੰਧੀ ਵੀਰਵਾਰ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਮਾਰਕਸ ਨੇ ਬਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਜੇਸਨ ਦੇ ਅਧਿਆਪਕਾਂ ਅਨੁਸਾਰ ਉਹ ਇਕ ਪਿਆਰਾ ਬੱਚਾ ਸੀ, ਜੋ ਕਿ ਹਿਊਸਟਨ ਚਿੜੀਆਘਰ ਦਾ ਦੌਰਾ ਕਰਨਾ ਪਸੰਦ ਕਰਦਾ ਸੀ।
ਇਹ ਵੀ ਪੜ੍ਹੋ-ਨਾਈਜੀਰੀਆ ਦਾ ਲੜਾਕੂ ਜਹਾਜ਼ ਲਾਪਤਾ, ਬੋਕੋ ਹਰਾਮ ਨੇ ਹਮਲੇ ਦਾ ਕੀਤਾ ਦਾਅਵਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।