ਇਟਲੀ ''ਚ ਹੋਈ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਚੋਂ ਹਾਲੈਂਡ ਤੇ ਪੋਲੈਂਡ ਦੀਆਂ ਟੀਮਾਂ ਬਣੀਆਂ ਜੇਤੂ

Tuesday, Aug 30, 2022 - 03:45 PM (IST)

ਮਿਲਾਨ/ਇਟਲੀ (ਸਾਬੀ ਚੀਨੀਆ) ਬਰੇਸ਼ੀਆ ਦੇ ਪਾਸੀਆਨੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਅਤੇ ਯੌਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਦੀ ਅਗਵਾਈ ਹੇਠ 2 ਰੋਜਾ ਚੱਲੇ ਇਸ ਟੂਰਨਾਂਮੈਂਟ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਕਬੱਡੀ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ (ਲੜਕੇ ਅਤੇ ਲੜਕੀਆਂ), ਸਰਕਲ ਸਟਾਈਲ ਦੇ ਮੈਚਾਂ ਤੋਂ ਇਲਾਵਾ ਅੰਡਰ 20 ਅਤੇ 40 ਸਾਲਾਂ ਤੋਂ ਉੱਪਰ ਦੇ ਸਰਕਲ ਸਟਾਈਲ਼ ਦੇ ਸ਼ੋਅ ਮੈਚ ਕਰਵਾਏ ਗਏ।  

ਜੇਤੂਆਂ ਨੂੰ ਟਰਾਫੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਬੱਚਿਆਂ ਦੀਆ ਦੌੜਾਂ ਅਤੇ ਢੰਡ ਬੈਠਕਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜਿਹਨਾਂ ਵਿੱਚ ਭਾਗ ਲੈਣ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਦੁਆਰਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਦੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਜਿਹਨਾਂ ਵਿੱਚ ਹੋਏ ਫਾਈਨਲ ਮੁਕਾਬਲਿਆਂ ਵਿੱਚ ਸਰਕਲ ਸਟਾਈਲ (ਲੜਕੇ) ਦੇ ਮੁਕਾਬਲਿਆ ਵਿੱਚ ਹਾਲੈਂਡ ਦੀ ਟੀਮ ਨੇ ਇਟਲੀ ਦੀ ਟੀਮ ਨੂੰ ਹਰਾਇਆ।ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਜੈਲਦਾਰ ਸੁਰਿੰਦਰ ਸਿੰਘ ਵੱਲੋਂ 3100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਵੱਲੋਂ ਪਰਮਪਾਲ ਸਿੰਘ ਜਟਾਣਾ ਵੱਲੋਂ 2100 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ।  

PunjabKesari

ਨੈਸ਼ਨਲ ਸਟਾਈਲ (ਲੜਕੀਆਂ) ਵਿੱਚ ਪੋਲੈਂਡ ਦੀ ਟੀਮ ਨੇ ਇਟਲੀ ਦੀ ਟੀਮ ਨੂੰ ਮਾਤ ਦਿੱਤੀ। ਜਿਸ ਵਿੱਚ ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਲੱਖੀ ਨਾਗਰਾ ਵੱਲੋਂ 1100 ਯੂਰੋ ਅਤੇ ਦੂਸਰੇ ਸਥਾਨ 'ਤੇ ਰਹੀ। ਟੀਮ ਨੂੰ ਸਤਨਾਮ ਸਿੰਘ ਅਤੇ ਪਰਮਜੀਤ ਸਿੰਘ ਢਿੱਲੋਂ ਵੱਲੋਂ 700 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ ਅਤੇ ਨੈਸ਼ਨਲ ਸਟਾਈਲ (ਲੜਕੇ) ਵਿੱਚ ਇੰਗਲੈਂਡ ਨੇ ਪੋਲੈਂਡ ਦੀ ਟੀਮ ਨੂੰ ਹਰਾਇਆ। ਜਿਸ ਵਿੱਚ ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਮਾਸਟਰ ਬਿੰਦਰਜੀਤ ਸਿੰਘ ਵੱਲੋਂ 3100 ਯੂਰੋ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ ਅਨਿਲ ਸ਼ਰਮਾ, ਮਨਜੀਤ ਸਿੰਘ (ਮਨਜੀਤ ਪੈਂਤੇਤੇ) ਅਤੇ ਸੰਜੀਵ ਕੁਮਾਰ ਵੱਲੋਂ 2100 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। 

PunjabKesari

40 ਸਾਲਾਂ ਤੋਂ ਉੱਪਰ ਦੇ ਕਰਵਾਏ ਕਬੱਡੀ ਸ਼ੋਅ ਮੈਚ ਵਿੱਚ ਪਹਿਲੇ ਸਥਾਨ 'ਤੇ ਆਈ ਟੀਮ ਨੂੰ ਚੌਧਰੀ ਸਫਦਰ ਮੈਖਨ ਦੁਆਰਾ 700 ਯੂਰੋ ਅਤੇ ਦੂਸਰੇ ਸਥਾਨ 'ਤੇ ਆਈ ਟੀਮ ਨੂੰ ਮੁਹੰਮਦ ਰਿਆਜ਼ ਵੱਲੋਂ 500 ਯੂਰੋ ਦਿੱਤੇ ਗਏ। ਇਸੇ ਤਰ੍ਹਾਂ ਅੰਡਰ 21 ਸਰਕਲ ਕਬੱਡੀ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ 'ਤੇ ਆਈ ਟੀਮ ਨੂੰ ਕੁਲਵਿੰਦਰ ਧਾਲੀਵਾਲ ਵੱਲੋਂ 700 ਯੂਰੋ ਅਤੇ ਰਾਮੂ ਰਾਏਕੋਟੀ ਵੱਲੋਂ 500 ਯੂਰੋ ਨਗਦ ਇਨਾਮ ਵਜੋਂ ਦਿੱਤੇ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿ 'ਚ ਹੜ੍ਹ ਦਾ ਕਹਿਰ, UN 161 ਮਿਲੀਅਨ ਡਾਲਰ ਦੀ 'ਫਲੈਸ਼ ਅਪੀਲ' ਕਰਨ ਲਈ ਤਿਆਰ

9 ਸਾਲਾਂ ਪ੍ਰਭਏਕ ਸਿੰਘ ਵੱਲੋਂ ਰੱਸੀ ਦੀ ਮੱਦਦ ਨਾਲ 60 ਕਿੱਲੋ ਸੁਹਾਗਾ ਖਿੱਚ ਕੇ ਦਰਸ਼ਕਾਂ ਨੂੰ ਦੰਦਾਂ ਥੱਲੇ ਉਗਲਾਂ ਦਬਾਉਣ ਨੂੰ ਮਜਬੂਰ ਕਰ ਦਿੱਤਾ। ਇਸ ਚੈਂਪੀਅਨਸ਼ਿਪ ਵਿੱਚ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪ੍ਰੋਫੈਸਰ ਅਮਰੀਕ ਸਿੰਘ ਅਤੇ ਸ. ਮੱਖਣ ਸਿੰਘ ਨੇ ਪਹੁੰਚ ਕੇ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਖਿਡਾਰੀਆਂ ਨੂੰ ਫਰੂਟ,ਪਾਣੀ ਅਤੇ ਜੂਸ ਦੀ ਸੇਵਾ ਪੰਜਾਬੀ ਲੋਕ ਧਾਰਾ ਦੇ ਸੁਖਚੈਨ ਸਿੰਘ ਮਾਨ ਦੁਆਰਾ ਕੀਤੀ ਗਈ। ਇਹਨਾਂ ਮੈਚਾਂ ਵਿੱਚ ਬੂਟਾ ਉਮਰੀਆਣਾ, ਬੱਬੂ ਜਲੰਧਰੀਆਂ ਅਤੇ ਅਮਨ ਦੁਆਰਾ ਕੁਮੈਂਟਰੀ ਕੀਤੀ ਗਈ। ਪ੍ਰਸਿੱਧ ਐਂਕਰ ਮਨਦੀਪ ਸੈਣੀ ਦੁਆਰਾ ਦੁਆਰਾ ਮੰਚ ਦਾ ਸੰਚਾਲਨ ਕੀਤਾ ਗਿਆ। ਜਸਵਿੰਦਰ ਸਿੰਘ ਲਾਟੀ ਦੁਆਰਾ ਕਲਤੂਰਾ ਸਿੱਖ ਦੇ ਸਹਿਯੋਗ ਨਾਲ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਵਿਸ਼ੇਸ ਗੱਲ ਇਹ ਰਹੀ ਕਿ ਲੜਕੀਆਂ ਦੀ ਕਬੱਡੀ ਮੌਕੇ ਔਰਤਾਂ ਵੱਲੋਂ ਅਸ਼ੀਰਵਾਦ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਨੇ ਮੈਚਾਂ ਦਾ ਅਨੰਦ ਮਾਣਿਆ। ਇਸ ਮੌਕੇ ਸੁਖਮੰਦਰ ਸਿੰਘ ਜੌਹਲ ਨੇ ਆਏ ਹੋਏ ਸਾਰੇ ਦਰਸ਼ਕਾਂ, ਗੁਰੂ ਘਰਾਂ ਦੇ ਪ੍ਰਬੰਧਕਾਂ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਮੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ।


Vandana

Content Editor

Related News