ਅਮਰੀਕਾ ''ਚ ਹਿੰਦੂ ਮੰਦਰ ''ਤੇ ਚੋਰਾਂ ਨੇ ਬੋਲਿਆ ਧਾਵਾ, ਕੀਮਤੀ ਸਾਮਾਨ ਚੋਰੀ
Friday, Jan 20, 2023 - 05:24 PM (IST)
ਹਿਊਸਟਨ (ਭਾਸ਼ਾ) : ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਚੋਰਾਂ ਨੇ ਇੱਕ ਹਿੰਦੂ ਮੰਦਰ 'ਤੇ ਧਾਵਾ ਬੋਲ ਦਿੱਤਾ ਅਤੇ ਇਮਾਰਤ ਵਿੱਚੋਂ ਕੁਝ ਕੀਮਤੀ ਸਾਮਾਨ ਚੋਰੀ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 11 ਜਨਵਰੀ ਨੂੰ ਟੈਕਸਾਸ ਦੇ ਬ੍ਰਾਜੋਸ ਵੈਲੀ ਸਥਿਤ ਸ਼੍ਰੀ ਓਮਕਾਰਨਾਥ ਮੰਦਰ 'ਚ ਵਾਪਰੀ। ਮੰਦਰ ਬੋਰਡ ਦੇ ਮੈਂਬਰ ਸ੍ਰੀਨਿਵਾਸ ਐੱਸ. ਨੇ ਘਟਨਾ 'ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬ੍ਰਾਜੋਸ ਵੈਲੀ ਵਿੱਚ ਇਹ ਇੱਕੋ ਇੱਕ ਹਿੰਦੂ ਮੰਦਰ ਹੈ। ਸ੍ਰੀਨਿਵਾਸ ਨੇ ਕਿਹਾ, "ਚੋਰ ਖਿੜਕੀ ਰਾਹੀਂ ਦਾਖ਼ਲ ਹੋਏ ਅਤੇ ਦਾਨ ਬਾਕਸ ਅਤੇ ਇੱਕ ਤਿਜੋਰੀ ਜਿਸ ਵਿੱਚ ਅਸੀਂ ਆਪਣਾ ਕੀਮਤੀ ਸਮਾਨ ਰੱਖਿਆ ਸੀ, ਲੈ ਗਏ।"
ਰਿਪੋਰਟ ਮੁਤਾਬਕ ਮੰਦਰ ਦੇ ਅੰਦਰ ਸੁਰੱਖਿਆ ਕੈਮਰਿਆਂ ਵਿਚ ਕੈਦ ਹੋਈ ਵੀਡੀਓ ਕਲਿੱਪ ਵਿਚ ਇਕ ਵਿਅਕਤੀ ਨੂੰ ਸਿੱਧਾ ਦਾਨਪੇਟੀ ਵੱਲ ਜਾਂਦੇ ਦਿਖਾਇਆ ਗਿਆ ਹੈ। ਸ੍ਰੀਨਿਵਾਸ ਨੇ ਕਿਹਾ ਕਿ ਪੁਜਾਰੀ ਅਤੇ ਉਸਦਾ ਪਰਿਵਾਰ, ਜੋ ਕਿ ਮੰਦਰ ਦੇ ਬਿਲਕੁਲ ਪਿੱਛੇ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਹਨ, ਸੁਰੱਖਿਅਤ ਹਨ। ਦੱਸ ਦੇਈਏ ਕਿ ਇਹ ਘਟਨਾ ਆਸਟ੍ਰੇਲੀਆ ਦੇ ਦੋ ਹਿੰਦੂ ਮੰਦਰਾਂ ਵਿਚ ਵਾਪਰੀ ਘਟਨਾ ਤੋਂ ਬਾਅਦ ਹੋਈ ਹੈ, ਜਿਨ੍ਹਾਂ ਦੀਆਂ ਕੰਧਾਂ 'ਤੇ 12 ਅਤੇ 17 ਜਨਵਰੀ ਨੂੰ ਕਥਿਤ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤ-ਵਿਰੋਧੀ ਨਾਅਰੇ ਲਿਖੇ ਗਏ ਸਨ। ਭਾਰਤ ਨੇ ਸਖ਼ਤ ਸ਼ਬਦਾਂ ਵਿਚ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਸਨੇ ਇਸ ਮਾਮਲੇ ਨੂੰ ਆਸਟਰੇਲੀਆਈ ਸਰਕਾਰ ਕੋਲ ਉਠਾਇਆ ਹੈ ਅਤੇ ਦੋਸ਼ੀਆਂ ਵਿਰੁੱਧ ਜਾਂਚ ਅਤੇ ਤੇਜ਼ੀ ਨਾਲ ਕਾਰਵਾਈ ਦੀ ਉਮੀਦ ਕੀਤੀ ਹੈ।