ਟਾਪ-30 'ਚੋਂ ਵੀ ਬਾਹਰ ਹੋਇਆ ਹੀਥਰੋ ਏਅਰਪੋਰਟ, ਇਹ ਰਹੀ ਵੱਡੀ ਵਜ੍ਹਾ

01/09/2021 5:31:51 PM

ਗਲਾਸਗੋ/ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਦਾ ਹੀਥਰੋ ਹਵਾਈ ਅੱਡਾ ਵਿਸ਼ਵ ਭਰ ਦੇ ਬੇਹੱਦ ਰੁਝੇਵੇਂ ਭਰੇ 10 ਹਵਾਈ ਅੱਡਿਆਂ ਦੀ ਸੂਚੀ ਵਿਚ ਸ਼ਾਮਲ ਸੀ। ਇਸ ਸਾਲ ਕੋਰੋਨਾ ਮਹਾਮਾਰੀ ਦੀ ਮਾਰ ਹੇਠ ਆ ਕੇ ਵਿਸ਼ਵ ਦੇ ਪਹਿਲੇ 30 ਵਿਅਸਤ ਹਵਾਈ ਅੱਡਿਆਂ ਵਿਚੋਂ ਬਾਹਰ ਹੋ ਗਿਆ ਹੈ। 

ਹਵਾਬਾਜ਼ੀ ਵਿਭਾਗ ਦੇ ਅੰਕੜਿਆਂ ਅਨੁਸਾਰ, ਪਿਛਲੇ ਸਾਲ ਪੱਛਮੀ ਲੰਡਨ ਹੱਬ 'ਤੇ ਸਿਰਫ 91,400 ਯਾਤਰੀ ਉਡਾਣਾਂ ਦਰਜ ਕੀਤੀਆਂ ਗਈਆਂ ਜੋ ਕਿ 2019 ਦੀ ਗਿਣਤੀ ਨਾਲੋਂ 61 ਫ਼ੀਸਦੀ ਘੱਟ ਹਨ। ਇਕੱਠੇ ਹੋਏ ਇਹ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਮਹਾਮਾਰੀ ਦੌਰਾਨ ਕੌਮਾਂਤਰੀ ਯਾਤਰਾਵਾਂ ਰੋਕਣ ਕਾਰਨ ਬ੍ਰਿਟੇਨ ਦਾ ਸਭ ਤੋਂ ਪ੍ਰਮੁੱਖ ਹਵਾਈ ਅੱਡਾ ਆਪਣੇ ਦਹਾਕਿਆਂ ਦੇ ਬਣਾਏ ਰਿਕਾਰਡ ਨੂੰ ਗੁਆ ਚੁੱਕਾ ਹੈ। ਦੁਨੀਆ ਭਰ ਦੇ ਜ਼ਿਆਦਾ ਰੁਝੇਵੇਂ ਵਾਲੇ ਹਵਾਈ ਅੱਡਿਆਂ ਦੀ ਸੂਚੀ ਵਿਚ ਹੁਣ ਅਮਰੀਕੀ ਅਤੇ ਚੀਨੀ ਹਵਾਈ ਅੱਡਿਆਂ ਦਾ ਦਬਦਬਾ ਹੈ। 

ਪਿਛਲੇ ਸਾਲ ਦੁਨੀਆ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਅਟਲਾਂਟਾ ਹਵਾਈ ਅੱਡਾ ਸੀ, ਜਿਸ ਵਿਚ 40 ਫ਼ੀਸਦੀ ਦੇ ਘਾਟੇ ਨਾਲ 2,59,700 ਯਾਤਰੀਆਂ ਦੀਆਂ ਉਡਾਣਾਂ ਦਰਜ ਕੀਤੀਆਂ ਗਈਆਂ ਸਨ। ਇਸ ਸੂਚੀ ਵਿਚ ਚੋਟੀ ਦੇ 10  ਹਵਾਈ ਅੱਡਿਆਂ ਵਿੱਚੋਂ 7 ਅਮਰੀਕੀ ਹਵਾਈ ਅੱਡੇ ਹਨ ਅਤੇ ਬਾਕੀ ਤਿੰਨਾਂ 'ਤੇ ਚੀਨੀਆਂ ਦਾ ਕਬਜ਼ਾ ਹੈ। ਹਾਲਾਂਕਿ, ਹੀਥਰੋ ਯੂਰਪੀਅਨ ਰੁਝੇਵੇਂ ਵਾਲੇ ਹਵਾਈ ਅੱਡਿਆਂ ਵਿਚ ਦੂਜੇ ਨੰਬਰ 'ਤੇ ਰਿਹਾ ਜਦਕਿ ਐਮਸਟਰਡਮ ਸ਼ੀਫੋਲ 100,900 ਉਡਾਣਾਂ ਨਾਲ ਪਹਿਲੇ 'ਤੇ ਕਾਬਜ਼ ਹੈ।


Sanjeev

Content Editor

Related News