ਨਿਊਜ਼ੀਲੈਂਡ 'ਚ ਪੰਜਾਬੀ ਦੀ ਮੌਤ, ਭਰੇ ਮਨ ਨਾਲ ਦਾਦੇ ਨੇ ਕਿਹਾ-ਪਹਿਲਾਂ ਪੁੱਤ ਚਲਾ ਗਿਆ ਤੇ ਹੁਣ ਪੋਤਾ
Tuesday, Oct 16, 2018 - 04:50 PM (IST)

ਨਿਊਜ਼ੀਲੈਂਡ— ਐਤਵਾਰ ਨੂੰ ਨਿਊਜ਼ੀਲੈਂਡ 'ਚ ਇਕ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਉਹ ਕੁਈਨਜ਼ ਟਾਊਨ 'ਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹ ਵਿਦਿਆਰਥੀ ਵੀਜ਼ੇ 'ਤੇ 7 ਸਾਲ ਪਹਿਲਾਂ ਪੰਜਾਬ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ ਹੁਣ ਉਹ ਦਸੰਬਰ 'ਚ ਆਪਣੇ ਘਰ ਜਾਣ ਵਾਲਾ ਸੀ। ਜਾਣਕਾਰੀ ਮੁਤਾਬਕ 14 ਅਕਤੂਬਰ ਦੀ ਸਵੇਰ 7.45 'ਤੇ ਉਸ ਦੀ ਕਾਰ ਅਤੇ ਇਕ ਟੂਰਿਸਟ ਬੱਸ ਦੀ ਟੱਕਰ ਹੋ ਗਈ। ਬੱਸ 'ਚ 15 ਕੁ ਸਵਾਰੀਆਂ ਬੈਠੀਆਂ ਸਨ, ਜਿਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ। ਉਹ ਆਪਣੇ ਦੋਸਤਾਂ ਨੂੰ ਮਿਲਣ ਜਾ ਰਿਹਾ ਸੀ ਪਰ ਹਾਦਸੇ 'ਚ ਉਸ ਦੀ ਮੌਤ ਹੋ ਗਈ।
25 ਸਾਲਾ ਹਰਪ੍ਰੀਤ ਨੇ 6-7 ਮਹੀਨੇ ਪਹਿਲਾਂ ਹੀ ਨਵੀਂ ਥਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਹਰਪ੍ਰੀਤ ਦੇ ਦਾਦਾ ਜੀ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੋਤਾ ਬਹੁਤ ਹੀ ਸਮਝਦਾਰ ਅਤੇ ਸੁਲਝਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ 3 ਕੁ ਸਾਲ ਪਹਿਲਾਂ ਹਰਪ੍ਰੀਤ ਦੇ ਪਿਤਾ ਦੀ ਮੌਤ ਹੋ ਗਈ ਸੀ, ਹੁਣ ਪੋਤਾ ਵੀ ਚਲਾ ਗਿਆ ਹੈ। ਹਰਪ੍ਰੀਤ ਦੀ ਮਾਂ ਅਤੇ ਛੋਟੀ ਭੈਣ ਭਾਰਤ 'ਚ ਹੀ ਹਨ, ਜੋ ਉਸ ਦੇ ਆਉਣ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪੋਤੇ ਦਾ ਅੰਤਿਮ ਸੰਸਕਾਰ ਆਕਲੈਂਡ 'ਚ ਹੀ ਕਰਨਗੇ ਅਤੇ ਇਸ ਦਾ ਖਰਚਾ ਆਪ ਹੀ ਕਰਨਗੇ।