ਪੁਲਸ ਕਰ ਰਹੀ ਹੈ ਇਨ੍ਹਾਂ ਬਾਈਕ ਲੁਟੇਰਿਆਂ ਦੀ ਭਾਲ, ਬੰਦੂਕ ਦੀ ਨੋਕ 'ਤੇ ਕੀਤੀ ਲੁੱਟ

10/29/2017 11:25:14 AM

ਏਅਰਡਾਇਰ,(ਬਿਊਰੋ) — ਕੈਨੇਡਾ ਦੇ ਸ਼ਹਿਰ ਏਅਰਡਾਇਰ 'ਚ ਸ਼ੁੱਕਰਵਾਰ ਰਾਤ ਨੂੰ ਇਕ ਵਿਅਕਤੀ ਦੀ ਬਾਈਕ (ਮੋਟਰਸਾਈਕਲ) ਚੋਰੀ ਕਰਕੇ ਦੋ ਲੁਟੇਰੇ ਭੱਜ ਰਹੇ ਸਨ, ਅਜਿਹੇ 'ਚ ਜਦ ਬਾਈਕ ਮਾਲਕ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ 'ਤੇ ਬੰਦੂਕ ਤਾਣ ਦਿੱਤੀ। ਮਾਮਲਾ ਪੁਲਸ ਜਾਂਚ 'ਚ ਹੈ। ਬਾਈਕ ਮਾਲਕ ਨੇ ਦੱਸਿਆ ਕਿ ਉਸ ਨੇ ਏਅਰਡਾਇਰ ਦੀ ਮੇਨ ਗਲੀ 'ਚ ਇਕ ਸ਼ਰਾਬ ਦੀ ਦੁਕਾਨ ਅੱਗੇ ਆਪਣੀ ਬਾਈਕ ਖੜ੍ਹੀ ਕੀਤੀ ਤੇ ਉਹ ਦੁਕਾਨ 'ਚ ਗਿਆ। ਜਦ ਉਹ ਵਾਪਸ ਆਇਆ ਤਾਂ ਦੋ ਲੁਟੇਰੇ ਉਸ ਦਾ ਮੋਟਰਸਾਈਕਲ ਲੁੱਟ ਕੇ ਭੱਜ ਰਹੇ ਸਨ। ਉਸ ਨੇ ਇਨ੍ਹਾਂ 'ਚੋਂ ਇਕ ਲੁਟੇਰੇ ਨੂੰ ਫੜ ਲਿਆ। 
ਇਸ ਤੋਂ ਪਹਿਲਾਂ ਕਿ ਪੁਲਸ ਉੱਥੇ ਪੁੱਜਦੀ, ਉਸੇ ਸਮੇਂ ਦੂਜਾ ਲੁਟੇਰਾ ਵਾਪਸ ਆਇਆ ਅਤੇ ਉਸ ਨੇ ਮੋਟਰਸਾਈਕਲ ਦੇ ਮਾਲਕ 'ਤੇ ਬੰਦੂਕ ਤਾਣ ਦਿੱਤੀ। ਇਸ ਮਗਰੋਂ ਦੋਵੇਂ ਲੁਟੇਰੇ ਉਸ ਦਾ ਮੋਟਰਸਾਈਕਲ ਲੈ ਕੇ ਦੌੜ ਗਏ। ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈਆਂ ਲੁਟੇਰਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਦੋਵੇਂ ਲੁਟੇਰੇ ਕਾਕੇਸ਼ੀਅਨ ਹੀ ਦਿਖਾਈ ਦੇ ਰਹੇ ਹਨ, ਇਨ੍ਹਾਂ 'ਚੋਂ ਇਕ ਪਤਲੇ ਸਰੀਰ ਵਾਲਾ ਹੈ ਤੇ ਦੂਜਾ ਮੱਧਮ ਸਿਹਤ ਵਾਲਾ ਹੈ। ਇਕ ਦਾ ਕੱਦ 5 ਫੁੱਟ 10 ਇੰਚ ਅਤੇ ਦੂਜੇ ਦਾ 5 ਫੁੱਟ 4 ਇੰਚ ਹੈ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਇਨ੍ਹਾਂ ਲੁਟੇਰਿਆਂ ਨੂੰ ਕਿਤੇ ਦੇਖਿਆ ਹੋਵੇ ਤਾਂ ਉਹ ਉਨ੍ਹਾਂ ਨੂੰ ਇਸ ਸੰਬੰਧੀ ਜਾਣਕਾਰੀ ਜ਼ਰੂਰ ਦੇਣ।


Related News