ਓਸਾਮਾ ਦੇ ਬੇਟੇ ਨੇ 9/11 ਹਮਲੇ ਦੇ ਆਗੂ ਦੀ ਕੁੜੀ ਨਾਲ ਕੀਤਾ ਨਿਕਾਹ

Monday, Aug 06, 2018 - 06:12 PM (IST)

ਓਸਾਮਾ ਦੇ ਬੇਟੇ ਨੇ 9/11 ਹਮਲੇ ਦੇ ਆਗੂ ਦੀ ਕੁੜੀ ਨਾਲ ਕੀਤਾ ਨਿਕਾਹ

ਲੰਡਨ— ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੇ ਅਮਰੀਕਾ ਦੇ ਘਾਤਕ 9/11 ਅੱਤਵਾਦੀ ਹਮਲਾ ਕਰਨ ਵਾਲੇ ਜਹਾਜ਼ ਨੂੰ ਹਾਈਜੈਕ ਕਰਨ ਵਾਲਿਆਂ ਦੇ ਆਗੂ ਰਹੇ ਮੁਹੰਮਦ ਅੱਤਾ ਦੀ ਬੇਟੀ ਨਾਲ ਵਿਆਹ ਕੀਤਾ ਹੈ। ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਅਲਕਾਇਦਾ ਦੇ ਮੁਖੀ ਰਹੇ ਲਾਦੇਨ ਨੂੰ ਅਮਰੀਕਾ ਨੇ ਢੇਰ ਕਰ ਦਿੱਤਾ ਸੀ। ਬ੍ਰਿਟਿਸ਼ ਅਖਬਾਰ 'ਦ ਗਾਰਡੀਅਨ' ਨੇ ਓਸਾਮਾ ਦੇ ਪਰਿਵਾਰ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਅਲਕਾਇਦਾ ਨੇਤਾ ਦੇ ਪਰਿਵਾਰ ਵਾਲਿਆਂ ਨੇ ਹਮਜ਼ਾ ਦਾ ਅੱਤਾ ਦੀ ਬੇਟੀ ਨਾਲ ਵਿਆਹ ਕੀਤਾ ਹੈ।
ਅੱਤਾ ਮਿਸਰ ਦਾ ਨਾਗਰਿਕ ਤੇ ਅਮਰੀਕੀ ਏਅਰਲਾਈਨਸ ਫਲਾਈਟ 11 ਦਾ ਪਾਇਲਟ ਸੀ। ਉਸ ਨੇ ਸਭ ਤੋਂ ਪਹਿਲਾਂ ਜਹਾਜ਼ ਹਾਈਜੈਕ ਕੀਤਾ ਤੇ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਨੂੰ ਨਿਸ਼ਾਨਾ ਬਣਾਇਆ ਸੀ। ਇਸ ਘਟਨਾ ਨਾਲ ਜਹਾਜ਼ 'ਚ ਸਵਾਰ 92 ਲੋਕਾਂ ਸਣੇ 1,600 ਲੋਕ ਮਾਰੇ ਗਏ ਸਨ। ਓਸਾਮਾ ਦੇ ਸੌਤੇਲੇ ਭਰਾ ਅਹਿਮਦ ਤੇ ਹਸਨ ਅਲ ਅੱਤਾਸ ਦੇ ਹਵਾਲੇ ਨਾਲ ਖਬਰ ਦਿੱਤੀ ਗਈ ਹੈ ਕਿ ਹਮਜ਼ਾ ਅਲਕਾਇਦਾ 'ਚ ਇਕ ਸੀਨੀਅਰ ਅਹੁਦੇ 'ਤੇ ਹੈ ਤੇ ਉਸ ਦਾ ਟੀਚਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੱਤ ਸਾਲ ਪਹਿਲਾਂ ਪਾਕਿਸਤਾਨ ਦੇ ਏਬਟਾਬਾਦ 'ਚ ਅਮਰੀਕੀ ਫੌਜ ਨੇ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ।
ਅਮਰੀਕੀ ਸੀਲ ਮਈ 2011 'ਚ ਓਸਾਮਾ ਦੇ ਏਬਟਾਬਾਦ ਸਥਿਤ ਕੰਪਲੈਕਸ 'ਚ ਦਾਖਲ ਹੋਈ ਤੇ ਉਸ (ਓਸਾਮਾ) ਨੂੰ ਮਾਰ ਦਿੱਤਾ। ਓਸਾਮਾ ਉਥੇ ਆਪਣੀਆਂ ਤਿੰਨ ਪਤਨੀਆਂ ਦੇ ਨਾਲ ਰਹਿੰਦਾ ਸੀ। ਅਮਰੀਕੀ ਹਮਲੇ 'ਚ ਹਮਜ਼ਾ ਦਾ ਭਰਾ ਖਾਲਿਦ ਵੀ ਮਾਰਿਆ ਗਿਆ ਸੀ। ਹਮਜ਼ਾ ਓਸਾਮਾ ਦੀਆਂ ਤਿੰਨ ਪਤਨੀਆਂ 'ਚੋਂ ਇਕ ਖੈਰਿਆਹ ਸਬਰ ਦਾ ਬੇਟਾ ਹੈ। ਅਹਿਮਦ ਅਲ ਅੱਤਾਸ ਨੇ ਦੱਸਿਆ ਕਿ ਅਸੀਂ ਸੁਣਿਆ ਹੈ ਕਿ ਉਸ (ਹਮਜ਼ਾ) ਨੇ ਮੁਹੰਮਦ ਅੱਤਾ ਦੀ ਬੇਟੀ ਨਾਲ ਵਿਆਹ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਪੱਕਾ ਪਤਾ ਨਹੀਂ ਹੈ ਕਿ ਉਹ ਕਿਥੇ ਹੈ ਪਰ ਉਹ ਅਫਗਾਨਿਸਤਾਨ 'ਚ ਹੋ ਸਕਦਾ ਹੈ।


Related News