ਹਮਿਲਟਨ ਲੈਬ ਨੇ ਲੋਕਾਂ ਨੂੰ ਦਿੱਤੀਆਂ ਕੋਰੋਨਾ ਟੈਸਟ ਦੀਆਂ ਗ਼ਲਤ ਰਿਪੋਰਟਾਂ
Tuesday, Jan 12, 2021 - 12:34 PM (IST)
ਹਮਿਲਟਨ- ਕੈਨੇਡਾ ਦੇ ਸ਼ਹਿਰ ਹਮਿਲਟਨ ਦੀ ਇਕ ਲੈਬ ਵਿਚ 31 ਲੋਕਾਂ ਦੇ ਕੋਰੋਨਾ ਟੈਸਟ ਦੀ ਗ਼ਲਤ ਰਿਪੋਰਟ ਜਾਰੀ ਕੀਤੀ ਗਈ, ਜਿਸ ਕਾਰਨ ਲੋਕਾਂ ਕੋਲੋਂ ਲੈਬ ਨੇ ਮੁਆਫ਼ੀ ਮੰਗੀ ਹੈ।
ਹਮਿਲਟਨ ਰੀਜਨਲ ਲੈਬੋਰੇਟਰੀ ਮੈਡੀਸਨ ਪ੍ਰੋਗਰਾਮ ਮੁਤਾਬਕ ਜਿਨ੍ਹਾਂ ਦੀ ਰਿਪੋਰਟ ਗਲਤ ਭੇਜੀ ਗਈ ਸੀ, ਉਨ੍ਹਾਂ ਨੂੰ ਇਸ ਸਬੰਧੀ ਦੱਸ ਦਿੱਤਾ ਗਿਆ ਹੈ। ਹਮਿਲਟਨ ਸਿਹਤ ਸੇਵਾ ਮੁਤਾਬਕ ਜਿਹੜੇ 16 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਸੀ, ਉਨ੍ਹਾਂ ਨੂੰ ਗਲਤੀ ਨਾਲ ਨੈਗੇਟਿਵ ਨਤੀਜੇ ਵਾਲੀ ਰਿਪੋਰਟ ਦੇ ਦਿੱਤੀ ਗਈ। ਇਸ ਦੇ ਇਲਾਵਾ ਜਿਹੜੇ 15 ਲੋਕ ਬਿਲਕੁਲ ਸਿਹਤਮੰਦ ਸਨ, ਉਨ੍ਹਾਂ ਨੂੰ ਗਲਤੀ ਨਾਲ ਕੋਰੋਨਾ ਪਾਜ਼ੀਟਿਵ ਦੀ ਰਿਪੋਰਟ ਦੇ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਟੈਸਟ ਹਮਿਲਟਨ, ਬੁਰਲਿੰਗਟਨਸ ਸਣੇ ਕੁਝ ਹੋਰ ਖੇਤਰਾਂ ਤੋਂ 30 ਤੇ 31 ਦਸੰਬਰ ਨੂੰ ਇਕੱਠੇ ਕੀਤੇ ਗਏ ਸਨ। ਦੱਸ ਦਈਏ ਕਿ ਸੂਬੇ ਵਿਚ ਬੀਤੇ ਹਫ਼ਤੇ ਤੋਂ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਕਈ ਵਾਰ 24 ਘੰਟਿਆਂ ਦੌਰਾਨ 4 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੁੰਦੇ ਹਨ।