ਹਮਾਸ ਨੇ 13 ਇਜ਼ਰਾਈਲੀਆਂ ਸਣੇ 24 ਬੰਧਕਾਂ ਨੂੰ ਛੱਡਿਆ, ਇਜ਼ਰਾਈਲ ਨੇ 39 ਫਿਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ

Saturday, Nov 25, 2023 - 03:13 AM (IST)

ਰਾਫਾ (ਏਜੰਸੀਆਂ) : 7 ਅਕਤੂਬਰ ਦੇ ਬਾਅਦ ਤੋਂ ਜੰਗ 'ਚ ਉਲਝੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਸ਼ੁੱਕਰਵਾਰ ਨੂੰ 49 ਦਿਨਾਂ ਬਾਅਦ 4 ਦਿਨ ਦੀ ਜੰਗਬੰਦੀ ਹੋ ਗਈ ਹੈ। ਜੰਗਬੰਦੀ ਸਮਝੌਤੇ ਅਧੀਨ ਅਦਲਾ-ਬਦਲੀ ਦੇ ਪਹਿਲੇ ਪੜਾਅ 'ਚ ਹਮਾਸ ਨੇ 24 ਬੰਧਕਾਂ ਨੂੰ ਰਿਹਾਅ ਕਰ ਦਿੱਤਾ ਹੈ, ਜਿਨ੍ਹਾਂ ਨੂੰ ਗਾਜ਼ਾ 'ਚ ਰੱਖਿਆ ਹੋਇਆ ਸੀ। ਹਮਾਸ ਨੇ 13 ਇਜ਼ਰਾਈਲੀ ਬੰਧਕਾਂ ਦੇ ਨਾਲ ਥਾਈਲੈਂਡ ਦੇ 10 ਅਤੇ ਫਿਲਪੀਨਜ਼ ਦੇ ਇਕ ਬੰਧਕ ਨੂੰ ਵੀ ਛੱਡਿਆ। ਇਜ਼ਰਾਈਲ ਨੇ ਵੀ ਆਪਣੀਆਂ ਜੇਲ੍ਹਾਂ 'ਚ ਬੰਦ 39 ਫਿਲਸਤੀਨੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਸਮਝੌਤੇ 'ਚ ਅਗਲੇ 4 ਦਿਨਾਂ ਵਿੱਚ ਕੁਲ 150 ਫਿਲਸਤੀਨੀ ਕੈਦੀਆਂ ਤੇ 50 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : 7 ਸਾਲ ਬਾਅਦ ਪਿਤਾ ਨੂੰ ਮਿਲੇ ਐਲਨ ਮਸਕ, ਇਕ ਹੀ ਦੇਸ਼ 'ਚ ਰਹਿਣ ਦੇ ਬਾਵਜੂਦ ਕਿਉਂ ਬਣਾ ਲਈ ਇੰਨੀ ਦੂਰੀ?

ਮੁਕਤ ਕੀਤੇ ਗਏ ਇਜ਼ਰਾਈਲੀ ਬੰਧਕਾਂ 'ਚ 8 ਔਰਤਾਂ ਹਨ, ਜਿਨ੍ਹਾਂ 'ਚੋਂ 6 ਦੀ ਉਮਰ 70 ਤੋਂ 80 ਸਾਲ ਦੇ ਦਰਮਿਆਨ ਹੈ। ਇਨ੍ਹਾਂ 'ਚ 3 ਬੱਚੇ ਹਨ। ਰਿਹਾਅ ਕੀਤੇ ਗਏ ਫਿਲਸਤੀਨੀ ਕੈਦੀਆਂ 'ਚ 24 ਔਰਤਾਂ ਅਤੇ 15 ਅੱਲ੍ਹੜ ਹਨ, ਜੋ ਇਜ਼ਰਾਈਲੀ ਬਲਾਂ ’ਤੇ ਹਮਲੇ ਲਈ ਇਰਾਦਾ ਕਤਲ ਅਤੇ ਪੱਥਰਬਾਜ਼ੀ ਦੇ ਅਪਰਾਧ ਲਈ ਜੇਲ੍ਹ ਵਿੱਚ ਬੰਦ ਸਨ। ਇਜ਼ਰਾਈਲ ਦਾ ਕਹਿਣਾ ਹੈ ਕਿ ਜੇਕਰ ਵੱਧ ਬੰਧਕਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਜੰਗਬੰਦੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਪਰ ਉਸ ਨੇ ਜੰਗਬੰਦੀ ਖ਼ਤਮ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਹਮਲੇ ਦੁਬਾਰਾ ਸ਼ੁਰੂ ਕਰਨ ਦੀ ਕਸਮ ਖਾਧੀ ਹੈ।

ਇਹ ਵੀ ਪੜ੍ਹੋ : UP ਦੇ ਲੜਕੇ ਨੂੰ ਦਿਲ ਦੇ ਬੈਠੀ ਅਮਰੀਕਾ ਦੀ ਕੁੜੀ, ਹਮੀਰਪੁਰ ਆ ਕੇ ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

ਸ਼ੁੱਕਰਵਾਰ ਸਵੇਰੇ ਗਾਜ਼ਾ ਦੇ 23 ਲੱਖ ਫਿਲਸਤੀਨੀਆਂ ਨੇ 7 ਹੱਤਿਆ ਦੀ ਲਗਾਤਾਰ ਇਜ਼ਰਾਈਲੀ ਬੰਬਾਰੀ ਤੋਂ ਬਾਅਦ ਪਹਿਲੀ ਵਾਰ ਸ਼ਾਂਤੀ ਦੇਖੀ। ਗਾਜ਼ਾ ਤੋਂ ਹਮਾਸ ਅੱਤਵਾਦੀਆਂ ਵੱਲੋਂ ਇਜ਼ਰਾਈਲ ’ਤੇ ਰਾਕੇਟ ਹਮਲੇ ਵੀ ਸ਼ਾਂਤ ਹੋ ਗਏ। ਵੈਸਟ ਬੈਂਕ 'ਚ ਫਿਲਸਤੀਨੀ ਕੈਦੀਆਂ ਦੀ ਰਿਹਾਈ ਦੀ ਉਡੀਕ ਕਰਦਿਆਂ ਹਜ਼ਾਰਾਂ ਲੋਕ ਇਜ਼ਰਾਈਲੀ ਫ਼ੌਜ ਦੀ ਓਫਰ ਜੇਲ੍ਹ ਦੇ ਕੋਲ ਇਕੱਠੇ ਹੋ ਗਏ, ਕੁਝ ਨੇ ਜਸ਼ਨ 'ਚ ਫਿਲਸਤੀਨੀ ਝੰਡੇ ਲਹਿਰਾਏ। ਪੁਲਸ ਨੇ ਭੀੜ ਨੂੰ ਭਜਾਉਣ ਲਈ ਹੰਝੂ ਗੈਸ ਛੱਡੀ। ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਸਮਝੌਤੇ ਦੇ ਅਨੁਸਾਰ ਗਾਜ਼ਾ ਲਈ ਸਹਾਇਤਾ ਸਮੱਗਰੀ ਭੇਜੀ ਗਈ। ਮਿਸਰ ਤੋਂ ਤੇਲ ਤੇ ਰਸੋਈ ਗੈਸ ਦੇ 8 ਟਰੱਕ ਅਤੇ ਖਾਣ-ਪੀਣ ਤੇ ਜ਼ਰੂਰੀ ਸਮੱਗਰੀ ਦੇ 200 ਟਰੱਕ ਗਾਜ਼ਾ 'ਚ ਦਾਖਲ ਹੋਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News