ਅਮਰੀਕਾ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 1100 ਭਾਰਤੀਆਂ ਨੂੰ ਕੀਤਾ ਡਿਪੋਰਟ

Wednesday, Oct 30, 2024 - 05:49 AM (IST)

ਜਲੰਧਰ (ਰਮਨਦੀਪ ਸਿੰਘ ਸੋਢੀ) – ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਤੰਬਰ ਮਹੀਨੇ ’ਚ ਖਤਮ ਹੋਏ ਆਪਣੇ ਫਿਸਕਲ ਯੀਅਰ ’ਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ 1100 ਭਾਰਤੀਆਂ ਨੂੰ ਚਾਰਟਰਡ ਤੇ ਕਮਰਸ਼ੀਅਲ ਫਲਾਈਟਾਂ ਰਾਹੀਂ ਵਾਪਸ ਭੇਜਿਆ ਹੈ।

ਅਮਰੀਕਾ ਦੇ ਗ੍ਰਹਿ ਤੇ ਅੰਦਰੱਖਿਆ ਵਿਭਾਗ ਦੀ ਬਾਰਡਰ ਐਂਡ ਇਮੀਗ੍ਰੇਸ਼ਨ ਪਾਲਿਸੀ ਦੀ ਅਸਿਸਟੈਂਟ ਸੈਕ੍ਰੇਟਰੀ ਰੋਜ਼ ਮੱਰੇ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਡਿਪੋਰਟ ਕੀਤੇ ਗਏ ਭਾਰਤੀਆਂ ਵਿਚੋਂ ਜ਼ਿਆਦਾਤਰ ਕਿਹੜੇ ਸੂਬੇ ਤੋਂ ਹਨ ਪਰ ਇਨ੍ਹਾਂ ਵਿਚ ਪੰਜਾਬ ਤੇ ਇਸ ਦੇ ਆਸ-ਪਾਸ ਦੇ ਅਜਿਹੇ ਭਾਰਤੀ ਸ਼ਾਮਲ ਹਨ, ਜੋ ਮੈਕਸੀਕੋ ਤੇ ਕੈਨੇਡਾ ਦਾ ਬਾਰਡਰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰ ਕੇ ਅਮਰੀਕਾ ਗਏ ਸਨ।

ਮੱਰੇ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਸਾਰੇ ਭਾਰਤੀਆਂ ਕੋਲ ਅਮਰੀਕਾ ’ਚ ਰਹਿਣ ਦਾ ਕਾਨੂੰਨੀ ਅਧਿਕਾਰ ਨਹੀਂ ਸੀ, ਇਸ ਲਈ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ 22 ਅਕਤੂਬਰ ਨੂੰ ਹੀ ਅਮਰੀਕਾ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਨੂੰ ਇਕ ਫਲਾਈਟ ਰਾਹੀਂ ਵਾਪਸ ਭੇਜਿਆ ਹੈ। ਹਾਲਾਂਕਿ ਅਜੇ ਤਕ ਕਿਸੇ ਵੀ ਬੱਚੇ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਰਹਿਣ ਦੇ ਦੋਸ਼ ਵਿਚ ਡਿਪੋਰਟ ਨਹੀਂ ਕੀਤਾ ਗਿਆ।

ਅਮਰੀਕਾ ’ਚ ਗੈਰ-ਕਾਨੂੰਨੀ ਦਾਖਲੇ ’ਤੇ ਦਰਜ ਹੁੰਦਾ ਹੈ ਕ੍ਰਿਮੀਨਲ ਕੇਸ
ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਜੇ ਤੁਸੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੁੰਦੇ ਹੋ ਜਾਂ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿੰਦੇ ਹੋ ਤਾਂ ਕਾਨੂੰਨ ਮੁਤਾਬਕ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੇ ਮਾਮਲੇ ਵਿਚ ਅਮਰੀਕਾ ਦਾ ਕਾਨੂੰਨ ਕ੍ਰਿਮੀਨਲ ਪ੍ਰੋਸੀਡਿੰਗ ਸ਼ੁਰੂ ਕਰਨ ਦੀ ਇਜਾਜ਼ਤ ਵੀ ਦਿੰਦਾ ਹੈ। ਇਸ ਤੋਂ ਇਲਾਵਾ ਅਜਿਹੇ ਲੋਕਾਂ ਦੇ ਅਮਰੀਕਾ ਵਿਚ 5 ਸਾਲ ਤਕ ਦਾਖਲੇ ’ਤੇ ਪਾਬੰਦੀ ਵੀ ਲਾ ਦਿੱਤੀ ਜਾਂਦੀ ਹੈ।

ਮੱਰੇ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਜ਼ਿਆਦਾਤਰ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਤੇ ਕੈਨੇਡਾ ਦਾ ਬਾਰਡਰ ਪਾਰ ਕਰ ਕੇ ਅਮਰੀਕਾ ਗਏ ਸਨ। ਇਨ੍ਹਾਂ ਵਿਚੋਂ ਕਿਸੇ ਕੋਲ ਵੀ ਅਮਰੀਕਾ ’ਚ ਰਹਿਣ ਦਾ ਜਾਇਜ਼ ਕਾਰਨ ਨਹੀਂ ਸੀ। ਡਿਪੋਰਟ ਕੀਤੇ ਗਏ ਭਾਰਤੀਆਂ ਵਿਚ ਕੋਈ ਵੀ ਸ਼ਰਨਾਰਥੀ ਵਾਲੀ ਕੈਟਾਗਰੀ ਵਿਚ ਨਹੀਂ ਸੀ।

ਭਾਰਤ ਸਰਕਾਰ ਦੇ ਸਹਿਯੋਗ ਨਾਲ ਡਿਪੋਰਟ ਕੀਤੇ ਗਏ ਭਾਰਤੀ
ਇਕ ਸਵਾਲ ਦੇ ਜਵਾਬ ’ਚ ਮੱਰੇ ਨੇ ਕਿਹਾ ਕਿ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਵਿਚ ਭਾਰਤ ਸਰਕਾਰ ਦਾ ਵੀ ਪੂਰਾ ਸਹਿਯੋਗ ਰਿਹਾ ਹੈ ਅਤੇ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨਾਲ ਅਮਰੀਕੀ ਅਧਿਕਾਰੀ ਲਗਾਤਾਰ ਸੰਪਰਕ ਵਿਚ ਰਹੇ। ਭਾਰਤ ਦੇ ਸਹਿਯੋਗ ਨਾਲ ਹੀ ਗੈਰ-ਕਾਨੂੰਨੀ ਭਾਰਤੀਆਂ ਨੂੰ ਲੈ ਕੇ ਆਈਆਂ ਫਲਾਈਟਾਂ ਦੀ ਭਾਰਤ ਵਿਚ ਲੈਂਡਿੰਗ ਹੋਈ।

ਉਨ੍ਹਾਂ ਕਿਹਾ ਕਿ ਅਮਰੀਕਾ ’ਚ ਗੈਰ-ਕਾਨੂੰਨੀ ਦਾਖਲੇ ਨੂੰ ਰੋਕਣ ਦੇ ਮਾਮਲੇ ਵਿਚ ਵੀ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਭਾਰਤ ਮਨੁੱਖੀ ਸਮੱਗਲਿੰਗ ਕਰਨ ਵਾਲਿਆਂ ਅਤੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਰਿਹਾ ਹੈ। ਅਮਰੀਕਾ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ ਭਾਰਤੀਆਂ ਨੂੰ ਫਲਾਈਟ ਰਾਹੀਂ ਡਿਪੋਰਟ ਕਰਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਇਸ ਤਰ੍ਹਾਂ ਦੇ ਤਰੀਕੇ ਦੀ ਵਰਤੋਂ ਕਰਦਾ ਆਇਆ ਹੈ। ਇਸ ਮਾਮਲੇ ’ਚ ਉਸ ਨੂੰ ਹਮੇਸ਼ਾ ਭਾਰਤ ਦਾ ਸਹਿਯੋਗ ਮਿਲਿਆ ਹੈ।


Inder Prajapati

Content Editor

Related News