ਕਦੇ ਇਨ੍ਹਾਂ ਵਿਹੜਿਆਂ ''ਚ ਵੱਸਦੇ ਸੀ ਲੋਕ, ਹੁਣ ਦਿਖਦੀ ਹੈ ਸਿਰਫ ਸਵਾਹ
Saturday, Jun 23, 2018 - 10:59 AM (IST)

ਗਵਾਟੇਮਾਲਾ— ਗਵਾਟੇਮਾਲਾ 'ਚ ਜਵਾਲਾਮੁਖੀ ਫੁੱਟਣ ਨਾਲ ਬਹੁਤ ਨੁਕਸਾਨ ਹੋਇਆ। ਸੁਰੱਖਿਆ ਕਾਰਨਾਂ ਕਰਕੇ ਬਹੁਤ ਸਾਰੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਹੱਸਦੇ-ਖੇਡਦੇ ਪਰਿਵਾਰਾਂ ਦੇ ਇਨ੍ਹਾਂ ਘਰਾਂ 'ਚ ਹੁਣ ਸਵਾਹ ਤੇ ਚੁੱਪ ਛਾਈ ਹੈ। ਗਵਾਟੇਮਾਲਾ ਦੀ ਰਾਜਧਾਨੀ ਤੋਂ ਤਕਰੀਬਨ 40 ਕਿਲੋਮੀਟਰ ਦੂਰ ਫਿਊਗੋ ਜਵਾਲਾਮੁਖੀ 'ਚ 3 ਜੂਨ ਨੂੰ ਧਮਾਕਾ ਹੋਇਆ ਸੀ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਮਗਰੋਂ ਇੱਥੇ ਹਰ ਚੀਜ਼ ਜਵਾਲਾਮੁਖੀ ਦੀ ਸਵਾਹ ਨਾਲ ਭਰ ਗਈ ਹੈ। ਬੱਚਿਆਂ ਦੇ ਖਿਡੌਣੇ, ਕਮਰੇ ਅਤੇ ਰਸੋਈਆਂ ਸਭ ਸਵਾਹ ਨਾਲ ਭਰ ਚੁੱਕੀਆਂ ਹਨ।
ਗਵਾਟੇਮਾਲਾ 'ਚ ਜਵਾਲਾਮੁਖੀ ਕਾਰਨ 62 ਲੋਕਾਂ ਦੀ ਮੌਤ ਹੋ ਗਈ। ਬਹੁਤ ਸਾਰੇ ਲੋਕਾਂ ਨੂੰ ਆਪਣੇ ਵਾਹਨ ਛੱਡ ਕੇ ਜਾਣਾ ਪਿਆ ਅਤੇ ਇੱਥੇ ਪਈਆਂ ਕਾਰਾਂ 'ਤੇ ਸਵਾਹ ਦੀ ਮੋਟੀ ਪਰਤ ਚੜ੍ਹ ਗਈ। ਇਹ ਪੂਰਾ ਇਲਾਕਾ ਬਰਬਾਦ ਹੋ ਗਿਆ ਹੈ ਅਤੇ ਇੱਥੇ ਜਵਾਲਾਮੁਖੀ 'ਚੋਂ ਨਿਕਲੀਆਂ ਹੋਈਆਂ ਚੱਟਾਨਾਂ ਡਿੱਗੀਆਂ ਹੋਈਆਂ ਹਨ। ਅਜਿਹਾ ਜਵਾਲਾਮੁਖੀ 100 ਸਾਲਾਂ ਤੋਂ ਵੀ ਵਧੇਰੇ ਸਮੇਂ ਮਗਰੋਂ ਫੁੱਟਿਆ ਹੈ।
ਜਵਾਲਾਮੁਖੀ ਦੇ ਫੁੱਟਣ 'ਤੇ ਲਾਲ-ਗਰਮ ਚੱਟਾਨਾਂ ਅਤੇ ਗੈਸ ਦੇ ਮਿਸ਼ਰਣ ਵਰਗੇ ਪਦਾਰਥ ਨਿਕਲਦੇ ਹਨ, ਜਿਨ੍ਹਾਂ ਨੂੰ ਪਾਇਰੋਕਲਾਸਟਿਕ ਫਲੋ ਵੀ ਕਿਹਾ ਜਾਂਦਾ ਹੈ। ਜਵਾਲਾਮੁਖੀ 'ਚੋਂ ਨਿਕਲੀ ਸਵਾਹ ਆਸਮਾਨ 'ਚ ਬਹੁਤ ਦੂਰ ਤਕ ਉੱਡੀ ਅਤੇ ਫਿਰ ਰਾਜਧਾਨੀ ਗਵਾਟੇਮਾਲਾ ਸਿਟੀ ਨੂੰ ਇਸ ਨੇ ਢੱਕ ਲਿਆ।
ਹੁਣ ਇੱਥੇ ਮੁੜ ਜ਼ਿੰਦਗੀ ਕਦੋਂ ਵੱਸੇਗੀ ਅਜੇ ਕਿਹਾ ਨਹੀਂ ਜਾ ਸਕਦਾ ਅਤੇ ਫਿਲਹਾਲ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ।