ਗ੍ਰੇਟਰ ਲੰਡਨ ਦੇ ਬੱਚਿਆਂ ਲਈ ਜ਼ਰੂਰੀ ਹੋਵੇਗੀ ਪੋਲੀਓ ਵੈਕਸੀਨ ਲਗਵਾਉਣੀ
Wednesday, Aug 10, 2022 - 08:24 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਗ੍ਰੇਟਰ ਲੰਡਨ ਵਿੱਚ ਰਹਿਣ ਵਾਲੇ ਇੱਕ ਤੋਂ ਨੌਂ ਸਾਲ ਉਮਰ ਦੇ ਸਾਰੇ ਬੱਚਿਆਂ ਨੂੰ ਸੀਵਰੇਜ ਵਿੱਚ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਪੋਲੀਓ ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਵਾਇਰਸ ਅਧਰੰਗ ਦਾ ਕਾਰਨ ਬਣ ਸਕਦਾ ਹੈ। ਫਰਵਰੀ ਤੋਂ ਹੁਣ ਤੱਕ ਲੰਡਨ ਦੇ ਗੰਦੇ ਪਾਣੀ ਵਿੱਚ ਇਹ ਵਾਇਰਸ 116 ਵਾਰ ਪਾਇਆ ਗਿਆ ਹੈ। ਇਸ ਤੁਰੰਤ ਟੀਕਾਕਰਨ ਮੁਹਿੰਮ ਵਿੱਚ ਲਗਭਗ 10 ਲੱਖ ਬੱਚਿਆਂ ਨੂੰ ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਮੁਹਿੰਮ ਵਿਚ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਅਗਲੇ ਮਹੀਨੇ ਦੇ ਅੰਦਰ ਉਨ੍ਹਾਂ ਦੇ ਜੀਪੀ ਦੁਆਰਾ ਸੰਪਰਕ ਕੀਤਾ ਜਾਵੇਗਾ।
2003 ਵਿੱਚ ਪੂਰੇ ਯੂਰਪ ਨੂੰ ਪੋਲੀਓ ਮੁਕਤ ਐਲਾਨੇ ਜਾਣ ਤੋਂ ਬਾਅਦ ਯੂਕੇ ਵਿੱਚ ਪੋਲੀਓ ਨੂੰ ਅਤੀਤ ਦੀ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ। ਪੋਲੀਓ ਦੇ ਪ੍ਰਕੋਪ ਨਾਲ ਨਜਿੱਠਣ ਵਾਲੇ ਸੰਸਾਰ ਦੇ ਹਿੱਸੇ ਅਜੇ ਵੀ ਓਰਲ ਪੋਲੀਓ ਵੈਕਸੀਨ ਦੀ ਵਰਤੋਂ ਕਰਦੇ ਹਨ ਜੋ ਸੁਰੱਖਿਅਤ ਹੈ। ਯੂਕੇ ਹੈਲਥ ਸਕਿਓਰਿਟੀ ਏਜੰਸੀ ਦਾ ਕਹਿਣਾ ਹੈ ਕਿ ਖੋਜੇ ਗਏ ਜ਼ਿਆਦਾਤਰ ਨਮੂਨੇ ਪੋਲੀਓ ਦੇ ਸੁਰੱਖਿਅਤ ਵੈਕਸੀਨ ਰੂਪ ਹਨ, ਪਰ ਕੁਝ ਖਤਰਨਾਕ ਹੋਣ ਲਈ ਕਾਫ਼ੀ ਬਦਲ ਗਏ ਹਨ।