ਬਰੇਸ਼ੀਆ ਵਿਖੇ ਮਹਾਨ ਨਗਰ ਕੀਰਤਨ 'ਚ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ

Wednesday, May 03, 2023 - 06:20 PM (IST)

ਬਰੇਸ਼ੀਆ ਵਿਖੇ ਮਹਾਨ ਨਗਰ ਕੀਰਤਨ 'ਚ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ

ਮਿਲਾਨ (ਸਾਬੀ ਚੀਨੀਆ ): ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਦੁਆਰਾ ਬਰੇਸੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਬਰੇਸ਼ੀਆ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਗਿਆ। ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਨਗਰ ਕੀਰਤਨ 'ਚ ਜਿੱਥੇ ਬਹੁ ਗਿਣਤੀ ਸਥਾਨਕ ਸਿੱਖ ਭਾਈਚਾਰੇ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ, ਉੱਥੇ ਹੀ ਇਸ ਨਗਰ ਕੀਰਤਨ 'ਚ ਦੂਜੇ ਸ਼ਹਿਰਾਂ 'ਚੋਂ ਵੀ ਭਾਈਚਾਰੇ ਦੀ ਸੰਗਤ ਪਹੁੰਚੀ ਹੋਈ ਸੀ।

PunjabKesari

ਇਸ ਮੌਕੇ ਇਟਾਲੀਅਨ ਅਤੇ ਹੋਰਨਾਂ ਮੂਲ਼ ਦੇ ਲੋਕ ਸਿੱਖੀ ਸਿਧਾਤਾਂ ਅਤੇ ਗੌਰਵਮਈ ਇਤਿਹਾਸ ਤੋਂ ਪ੍ਰਭਾਵਿਤ ਹੋਏ। ਵੱਡੇ ਟਰੱਕ ਅਤੇ ਟਰਾਲੇ ਨੂੰ ਫੁੱਲਾਂ ਨਾਲ ਸਜਾ ਕੇ ਇਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਜਾਈ ਗਈ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋ ਪਰਕਰਮਾ ਉਪਰੰਤ ਈਵੇਕੋ ਦੀ ਪਾਰਕਿੰਗ ਵਿੱਚ ਪੁੱਜਣ ਉਪਰੰਤ ਨਗਰ ਕੀਰਤਨ ਦੀ ਸਮਾਪਤੀ ਹੋਈ। ਪੁਲਸ ਪ੍ਰਸ਼ਾ਼ਸ਼ਨ ਦੁਆਰਾ ਟ੍ਰੈਫ਼ਿਕ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕਰਕੇ ਸਹਿਯੋਗ ਦਿੱਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਦੂਰ ਦੁਰਾਡੇ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਜਿੰਨਾਂ ਦੁਆਰਾ ਨਗਰ ਕੀਰਤਨ ਵਿੱਚ ਪਹੁੰਚ ਕਰਕੇ ਰੌਣਕਾਂ ਨੂੰ ਚਾਰ ਚੰਨ ਲਾਏ ਗਏ।

ਪੜ੍ਹੋ ਇਹ ਅਹਿਮ ਖ਼ਬਰ-ਮੈਲਬੌਰਨ 'ਚ ਪਹਿਲਾ 'ਕਬੱਡੀ ਕੱਪ' ਸਫਲਤਾਪੂਰਵਕ ਸੰਪੰਨ, ਸਰਵੋਤਮ ਧਾਵੀ ਤੇ ਜਾਫੀ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਤ

ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕਰਨ ਵਾਲੇ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਕਮੂਨੇ ਅਤੇ ਕਸਤੂਰੇ ਦੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਸਿੰਘਾਂ ਦੁਆਰਾ ਗੱਤਕੇ ਦੇ ਜੌਹਰ ਵਿਖਾਉਂਦੇ ਹੋਏ ਖ਼ੂਬ ਵਾਹ-ਵਾਹ ਖੱਟੀ ਗਈ। ਕਲਤੂਰਾ ਸਿੱਖ ਦੇ ਸੇਵਾਦਾਰਾਂ ਵੱਲੋ ਇਟਾਲੀਅਨ ਭਾਸ਼ਾ ਅਤੇ ਗੁਰਮੁਖੀ ਵਿਚ ਪ੍ਰਕਾਸ਼ਿਤ ਕਿਤਾਬਾਂ ਫ੍ਰੀ ਵੰਡਕੇ ਨਗਰ ਕੀਰਤਨ ਵਿਚ ਪੁੱਜੇ ਇਟਾਲੀਅਨ ਜਾ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਨਗਰ ਕੀਰਤਨ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਗਿਆ। ਸਿਰਾਂ 'ਤੇ ਕੇਸਰੀ ਰੰਗ ਦੀਆ ਦਸਤਾਰਾਂ ਤੇ ਦੁਪੱਟੇ ਲੈਕੇ ਪੁੱਜੀਆਂ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਸਮਾਨ ਗੂੰਜਣ ਲਾ ਦਿੱਤਾ। ਨਗਰ ਕੀਰਤਨ ਦੀ ਸਮਾਪਤੀ 'ਤੇ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵੀ ਵਰਖਾ ਕੀਤੀ ਗਈ।  ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲਾਂ ਦਾ ਪ੍ਰਬੰਧ ਕਰਕੇ ਆਈਆਂ ਸੰਗਤਾਂ ਨੂੰ ਲੰਗਰ ਛੱਕਾਕੇ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News