ਘੋਲੀਆ ਖੁਰਦ ਵਿਖੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਜਾਂਚ ''ਚ ਜੁਟੀ ਪੁਲਸ

Thursday, May 01, 2025 - 08:27 PM (IST)

ਘੋਲੀਆ ਖੁਰਦ ਵਿਖੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਜਾਂਚ ''ਚ ਜੁਟੀ ਪੁਲਸ

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਘੋਲੀਆ ਖੁਰਦ ਵਿਖੇ ਪ੍ਰਵਾਸੀ ਮਜ਼ਦੂਰ ਦਾ ਭੇਦ ਭਰੀ ਹਾਲਤ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿਹਾਰ ਨਿਵਾਸੀ 38 ਸਾਲਾ ਪ੍ਰਵਾਸੀ ਮਜ਼ਦੂਰ ਆਪਣੇ 2 ਸਾਥੀਆਂ ਸਮੇਤ ਇੱਕ ਕਿਸਾਨ ਦੇ ਖੇਤ 'ਚ ਮੋਟਰ 'ਤੇ ਰਹਿ ਰਿਹਾ ਸੀ ਕਿ ਰਾਤ ਸਮੇਂ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 

ਪਿੰਡ ਘੋਲੀਆ ਖੁਰਦ ਦੇ ਕਿਸਾਨ ਗੁਰਮੀਤ ਸਿੰਘ ਉਰਫ ਕਾਕਾ ਪੁੱਤਰ ਊਧਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਖੇਤ 'ਚ ਬਣੀ ਮੋਟਰ 'ਤੇ ਹਰ ਸਾਲ 20-25 ਪ੍ਰਵਾਸੀ ਮਜ਼ਦੂਰ ਆ ਕੇ ਰਹਿੰਦੇ ਹਨ ਜੋ ਕਿ ਉਸ ਦੇ ਖੇਤਾਂ 'ਚ ਕੰਮ ਕਰਦੇ ਹਨ। ਇਸ ਵਾਰ ਵੀ ਉਸ ਦੇ ਖੇਤ ਵਿੱਚ ਕੰਮ ਕਰਨ ਲਈ ਪ੍ਰਵਾਸੀ ਮਜ਼ਦੂਰ ਆਏ ਸਨ। ਤਿੰਨ ਪ੍ਰਵਾਸੀ ਮਜ਼ਦੂਰ ਉਸ ਦੇ ਖੇਤ ਬਣੇ ਕੋਠੇ ਵਿੱਚ ਰਹਿ ਰਹੇ ਸਨ। ਜਿਨ੍ਹਾਂ ਵਿੱਚ ਬਿਜੇਰਾਮ ਪੁੱਤਰ ਬੰਦੂਆ, ਮਹੇਸ਼ ਰਾਮ, ਰਾਮ ਸਰਨ ਵਾਸੀ ਬਿਹਾਰ ਸ਼ਾਮਲ ਹਨ। ਲੰਘੀ ਰਾਤ ਨੂੰ ਤਿਨੋ ਰੋਟੀ ਖਾ ਕੇ ਕਰੀਬ 10 ਵਜੇ ਸੁੱਤੇ ਸਨ ਜਿਨ੍ਹਾਂ ਵਿੱਚੋਂ ਮਹੇਸ਼ ਰਾਮ ਤੇ ਰਾਮ ਸਰਨ ਕੋਠੇ ਦੇ ਅੰਦਰ ਜਾ ਕੇ ਪੈ ਗਏ ਤੇ ਵਿਜੇ ਰਾਮ ਬਾਹਰ ਸੌ ਗਿਆ। ਸਵੇਰੇ ਕਰੀਬ ਛੇ ਵਜੇ ਕਿਸਾਨ ਗੁਰਮੀਤ ਸਿੰਘ ਨੂੰ ਮਹੇਸ਼ ਰਾਮ ਅਤੇ ਰਾਮਸਰਨ ਦਾ ਫੋਨ ਆਇਆ ਜਿਨ੍ਹਾਂ ਦੱਸਿਆ ਕਿ ਵਿਜੇ ਰਾਮ ਦਾ ਰਾਤ ਸਮੇਂ ਕਤਲ ਹੋ ਗਿਆ ਹੈ। ਜਿਸ ਤੋਂ ਬਾਅਦ ਉਹ ਪਿੰਡ ਦੇ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਗਿਆ ਤੇ ਉਸ ਨੇ ਦੇਖਿਆ ਕਿ 38 ਸਾਲਾਂ ਵਿਜੇ ਰਾਮ ਦਾ ਮ੍ਰਿਤਕ ਸਰੀਰ ਖੂਨ ਨਾਲ ਲਥਪਥ ਖੇਤ 'ਚ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਨਿਹਾਲ ਸਿੰਘ ਵਾਲਾ ਪੁਲਸ ਨੂੰ ਦਿੱਤੀ। 

ਪੁਲਸ ਪਾਰਟੀ ਡੀਐੱਸਪੀ ਅਨਬਰ ਅਲੀ, ਥਾਣਾ ਮੁਖੀ ਪੂਰਨ ਸਿੰਘ, ਸਬ ਇੰਸਪੈਕਟਰ ਕੇਵਲ ਸਿੰਘ, ਸਬ ਇਨਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਘਟਨਾ ਸਥਾਨ 'ਤੇ ਪਹੁੰਚ ਗਈ। ਉਨ੍ਹਾਂ ਮ੍ਰਿਤਕ ਵਿਜੇ ਰਾਮ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਵਿਜੇ ਰਾਮ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਘਟਨਾਂ ਸਬੰਧੀ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ। ਜਾਂਚ ਕਰਕੇ ਇਸ ਕਤਲ ਦਾ ਜਲਦੀ ਹੀ ਸੁਰਾਗ ਲਗਾ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News