ਨੇਪਾਲ ਸਰਕਾਰ ਨੇ ਰਾਮ ਮੰਦਰ ਦੇ ਨਿਰਮਾਣ ਲਈ ਅਲਾਟ ਕੀਤਾ ''ਫੰਡ''
Sunday, May 30, 2021 - 10:30 AM (IST)
ਕਾਠਮੰਡੂ (ਬਿਊਰੋ): ਨੇਪਾਲ ਵਿਚ ਜਾਰੀ ਰਾਜਨੀਤਕ ਸੰਕਟ ਵਿਚਾਲੇ ਇੱਥੋਂ ਦੀ ਸਰਕਾਰ ਵੱਲੋਂ ਪ੍ਰਸਤਾਵਿਤ 1647.67 ਅਰਬ ਰੁਪਏ ਦੇ ਬਜਟ ਵਿਚੋਂ ਸ਼ਹਿਰ ਦੇ ਮਸ਼ਹੂਰ ਪਸ਼ੂਪਤੀਨਾਥ ਮੰਦਰ ਦੀ ਮੁਰੰਮਤ ਲਈ 35 ਕਰੋੜ ਰੁਪਏ ਅਤੇ ਅਯੁੱਧਿਆਪੁਰੀ ਵਿਚ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ਲਈ ਫੰਡ ਅਲਾਟ ਕੀਤਾ ਗਿਆ ਹੈ। ਵਿੱਤ ਮੰਤਰੀ ਵਿਸ਼ਨੂੰ ਪੌਡਵਾਲ ਨੇ ਨਾਲ ਹੀ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਟੂਰਿਜ਼ਮ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਨੇਪਾਲ ਆਉਣ ਵਾਲੇ ਸੈਲਾਨੀਆਂ ਲਈ ਇਕ ਮਹੀਨੇ ਦੀ ਵੀਜ਼ਾ ਫੀਸ ਦੀ ਛੋਟ ਦੇਣ ਦੀ ਵੀ ਘੋਸ਼ਣਾ ਕੀਤੀ।
ਵਿੱਤ ਮੰਤਰਾਲੇ ਨੇ ਚਾਰ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਹੋਰ ਘਰੇਲੂ ਹਵਾਈ ਅੱਡਿਆਂ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 20 ਅਰਬ ਰੁਪਏ ਦੀ ਰਾਸ਼ੀ ਅਲ਼ਾਟ ਕੀਤੀ। ਪੌਡਵਾਲ ਨੇ ਯੂਨੇਸਕੋ ਦੇ ਵਿਰਾਸਤ ਸਥਲਾਂ ਦੀ ਸੂਚੀ ਵਿਚ ਸ਼ਾਮਲ ਪਸ਼ੂਪਤੀਨਾਥ ਮੰਦਰ ਦੀ ਮੁਰੰਮਤ ਲਈ 35 ਕਰੋੜ ਰੁਪਏ ਅਲਾਟ ਕੀਤੇ ਅਤੇ ਨਾਲ ਹੀ ਚਿਤਵਨ ਜ਼ਿਲ੍ਹੇ ਦੇ ਅਯੁੱਧਿਆਪੁਰੀ ਵਿਚ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ਲਈ ਵੀ ਬਜਟ ਅਲਾਟ ਕੀਤਾ। ਭਾਵੇਂਕਿ ਰਾਮ ਮੰਦਰ ਲਈ ਅਲਾਟ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸਾਂਸਦ ਦੀ ਮੰਗ, ਹਿੰਦੂਆਂ ਨੂੰ ਮਿਲੇ 'ਗੈਰ-ਮੁਸਲਿਮ' ਦਾ ਦਰਜਾ
ਨੇਪਾਲ ਵਿਚ 1647.67 ਅਰਬ ਰੁਪਏ ਦੇ ਬਜਟ ਦੀ ਘੋਸ਼ਣਾ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਦੇਸ਼ ਇਕ ਰਾਜਨੀਤਕ ਸੰਕਟ ਵਿਚੋਂ ਲੰਘ ਰਿਹਾ ਹੈ। ਗੌਰਤਲਬ ਹੈ ਕਿ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਬੀਤੀ 22 ਮਈ ਨੂੰ ਦੇਸ਼ ਦੀ 275 ਮੈਂਬਰੀ ਪ੍ਰਤੀਨਿਧੀ ਸਭਾ ਨੂੰ ਪੰਜ ਮਹੀਨੇ ਵਿਚ ਦੂਜੀ ਵਾਰ ਭੰਗ ਕਰ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਲਾਹ 'ਤੇ 12 ਨਵੰਬਰ ਅਤੇ 19 ਨਵੰਬਰ ਨੂੰ ਮੱਧ ਕਾਲ ਦੀਆਂ ਚੋਣਾਂ ਦੀ ਘੋਸ਼ਣਾ ਕੀਤੀ ਸੀ। ਓਲੀ ਨੇਪਾਲ ਵਿਚ ਅਲਪਮਤ ਸਰਕਾਰ ਦੀ ਅਗਵਾਈ ਕਰ ਰਹੇ ਹਨ। ਓਲੀ ਨੇ ਰਾਸ਼ਟਰਪਤੀ ਵੱਲੋਂ ਪ੍ਰਤੀਨਿਧੀ ਸਭਾ ਨੂੰ ਭੰਗ ਕੀਤੇ ਜਾਣ ਨੂੰ ਉਚਿਤ ਠਹਿਰਾਉਣ ਦੀ ਕੋਸ਼ਿਸ਼ ਕਰਦਿਆਂ 28 ਮਈ ਨੂੰ ਸਾਰੇ ਰਾਜਨਤੀਕ ਦਲਾਂ ਤੋਂ ਇਕ ਪਾਰਟੀ ਦੀ ਸਰਕਾਰ ਬਣਾਉਣ ਅਤੇ ਨਵੀਆਂ ਚੋਣਾਂ ਕਰਾਉਣ ਦੀ ਅਪੀਲ ਕੀਤੀ।
ਨੋਟ- ਨੇਪਾਲ ਸਰਕਾਰ ਨੇ ਰਾਮ ਮੰਦਰ ਦੇ ਨਿਰਮਾਣ ਲਈ ਅਲਾਟ ਕੀਤਾ 'ਫੰਡ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।