ਗੂਗਲ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ''ਚ ਨੌਕਰੀ ਤੋਂ ਕੱਢੇ 48 ਕਰਮਚਾਰੀ

Friday, Oct 26, 2018 - 03:14 PM (IST)

ਗੂਗਲ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ''ਚ ਨੌਕਰੀ ਤੋਂ ਕੱਢੇ 48 ਕਰਮਚਾਰੀ

ਸਾਨ ਫ੍ਰਾਂਸਿਸਕੋ— ਗੂਗਲ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਬੀਤੇ ਦੋ ਸਾਲਾਂ 'ਚ ਯੌਨ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ 48 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ 'ਚ 13 ਸੀਨੀਅਰ ਪ੍ਰਬੰਧਕ ਵੀ ਸ਼ਾਮਲ ਹਨ। ਗੂਗਲ ਨੇ ਗਲਤ ਵਿਵਹਾਰ 'ਤੇ 'ਸਖਤ ਰੁਖ' ਦਾ ਹਵਾਲਾ ਦਿੰਦਿਆਂ ਇਹ ਕਾਰਵਾਈ ਦਿੱਤੀ ਹੈ। ਤਕਨੀਕ ਦੇ ਖੇਤਰ 'ਚ ਅਮਰੀਕਾ ਦੀ ਦਿੱਗਜ ਕੰਪਨੀ ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਵਲੋਂ ਇਹ ਬਿਆਨ ਜਾਰੀ ਕੀਤਾ।

ਇਹ ਬਿਆਨ ਅਮਰੀਕਾ ਦੀ ਇਕ ਪੱਤਰਕਾਰ ਏਜੰਸੀ ਦੀ ਖਬਰ ਦੇ ਜਵਾਬ 'ਚ ਆਇਆ ਹੈ, ਜਿਸ 'ਚ ਕਿਹਾ ਗਿਆ ਕਿ ਗੂਗਲ ਦੇ ਇਕ ਸੀਨੀਅਰ ਕਰਮਚਾਰੀ, ਐਂਡ੍ਰਾਇਡ ਦਾ ਨਿਰਮਾਣ ਕਰਨ ਵਾਲੇ ਐਂਡੀ ਰੁਬਿਨ 'ਤੇ ਕੁਝ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੂੰ 9 ਕਰੋੜ ਡਾਲਰ ਦਾ ਐਗਜ਼ਿਟ ਪੈਕੇਜ ਦੇ ਕੇ ਕੰਪਨੀ ਤੋਂ ਹਟਾਇਆ ਗਿਆ। ਨਾਲ ਹੀ ਇਸ 'ਚ ਕਿਹਾ ਗਿਆ ਕਿ ਗੂਗਲ ਨੇ ਯੌਨ ਸ਼ੋਸ਼ਣ ਦੇ ਹੋਰਾਂ ਦੋਸ਼ਾਂ ਨੂੰ ਵੀ ਲੁਕਾਉਣ ਲਈ ਇਸੇ ਤਰ੍ਹਾਂ ਦੇ ਕੰਮ ਕੀਤੇ ਹਨ।

ਇਸ ਖਬਰ 'ਤੇ ਮੀਡੀਆ ਨੇ ਗੂਗਲ ਤੋਂ ਪ੍ਰਤੀਕਿਰਿਆ ਮੰਗੀ, ਜਿਸ 'ਤੇ ਕੰਪਨੀ ਨੇ ਪਿਚਾਈ ਵਲੋਂ ਕਰਮਚਾਰੀਆਂ ਨੂੰ ਇਕ ਈ-ਮੇਲ ਜਾਰੀ ਕਰਕੇ ਕਿਹਾ ਕਿ ਪਿਛਲੇ ਦੋ ਸਾਲਾਂ 'ਚ 13 ਸੀਨੀਅਰ ਪ੍ਰਬੰਧਕਾਂ ਤੇ ਉਸ ਤੋਂ ਵੀ ਉੱਚੇ ਅਹੁਦਿਆਂ ਦੇ ਲੋਕਾਂ ਸਣੇ 48 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਉਨ੍ਹਾਂ 'ਚੋਂ ਕਿਸੇ ਨੂੰ ਵੀ 'ਕੋਈ ਐਗਜ਼ਿਟ ਪੈਕੇਜ' ਨਹੀਂ ਦਿੱਤਾ ਗਿਆ।

ਪਿਚਾਈ ਨੇ ਕਿਹਾ ਕਿ ਹਾਲ ਦੇ ਸਾਲਾਂ 'ਚ ਅਸੀਂ ਕਈ ਬਦਲਾਅ ਕੀਤੇ ਹਨ, ਜਿਨ੍ਹਾਂ 'ਚ ਅਧਿਕਾਰਿਕ ਅਹੁਦਿਆਂ 'ਤੇ ਬੈਠੇ ਲੋਕਾਂ ਦੇ ਗਲਤ ਵਤੀਰੇ ਨੂੰ ਲੈ ਕੇ ਸਖਤ ਰਵੱਈਆ ਅਪਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰੂਬਿਨ ਤੇ ਹੋਰਾਂ ਲੋਕਾਂ 'ਤੇ ਦਿੱਤੀ ਗਈ ਖਬਰ ਸਹੀ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਲੇਖ ਦੇ ਦਾਅਵੇ ਦਾ ਸਿੱਧਾ-ਸਿੱਧਾ ਜਵਾਬ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਅਤ ਤੇ ਸਹਿਭਾਗੀ ਵਰਕਪਲੇਸ ਮੁਹੱਈਆ ਕਰਵਾਉਣ ਲਈ ਬਹੁਤ ਗੰਭੀਰ ਹਾਂ। ਪਿਚਾਈ ਨੇ ਕਿਹਾ ਕਿ ਅਸੀਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਯੌਨ ਸ਼ੋਸ਼ਣ ਜਾਂ ਗਲਤ ਵਤੀਰੇ ਦੀ ਹਰੇਕ ਸ਼ਿਕਾਇਤ ਦੀ ਸਮੀਖਿਆ ਕਰਦੇ ਹਾਂ, ਅਸੀਂ ਜਾਂਚ ਕਰਦੇ ਹਾਂ ਤੇ ਕਾਰਵਾਈ ਕਰਦੇ ਹਾਂ। ਰੂਬਿਨ ਦੇ ਬੁਲਾਰੇ ਸੈਮ ਸਿੰਗਰ ਨੇ ਰੂਬਿਨ ਦੇ ਖਿਲਾਫ ਲੱਗੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਹੋਰ ਕੰਪਨੀ ਦੇ ਲਾਂਚ ਦੇ ਚੱਲਦੇ ਆਪਣੀ ਮਰਜ਼ੀ ਨਾਲ ਗੂਗਲ ਛੱਡਿਆ ਹੈ।


Related News