ਗਲਾਸਗੋ ''ਚ ਟੀਅਰ 4 ਤਾਲਾਬੰਦੀ ਤੋਂ ਪਹਿਲਾਂ ਖਰੀਦਦਾਰੀ ਲਈ ਲੱਗੀ ਭੀੜ
Friday, Nov 20, 2020 - 05:04 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਸਰਕਾਰ ਵਲੋਂ ਵਾਇਰਸ ਨੂੰ ਘਟਾਉਣ ਲਈ ਟੀਅਰ 4 ਤਾਲਾਬੰਦੀ ਦੀ ਘੋਸ਼ਣਾ ਕੀਤੀ ਗਈ ਹੈ ,ਜਿਸ ਵਿਚ ਸਖ਼ਤ ਪਾਬੰਦੀਆਂ ਸ਼ਾਮਲ ਹਨ।
ਇਸ ਤਾਲਾਬੰਦੀ ਦੇ ਲਾਗੂ ਹੋਣ ਤੋਂ ਪਹਿਲਾਂ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਵਾਸੀਆਂ ਵਿਚ ਖਰੀਦਦਾਰੀ ਨੂੰ ਲੈ ਕੇ ਭਾਰੀ ਚਿੰਤਾ ਦੇਖੀ ਗਈ। ਗਲਾਸਗੋ ਵਿਚ ਕੱਲ੍ਹ ਸਟੋਰਾਂ ਅੱਗੇ ਜਰੂਰੀ ਖਰੀਦਦਾਰੀ ਲਈ ਲੋਕਾਂ ਦਾ ਹੜ੍ਹ ਵੇਖਣ ਨੂੰ ਮਿਲਿਆ। ਨਿਕੋਲਾ ਸਟਰਜਨ ਦੀ ਘੋਸ਼ਣਾ ਅਨੁਸਾਰ ਲਗਭਗ ਗਿਆਰਾਂ ਖੇਤਰ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਤਿੰਨ ਹਫ਼ਤਿਆਂ ਲਈ ਤਾਲਾਬੰਦੀ ਵਿਚ ਦਾਖ਼ਲ ਹੋਣਗੇ। ਇਨ੍ਹਾਂ ਪ੍ਰਭਾਵਿਤ ਕੌਂਸਲਾਂ ਦੇ ਖੇਤਰ ਗਲਾਸਗੋ, ਰੇਨਫ੍ਰੈਸ਼ਾਇਰ, ਈਸਟ ਰੇਨਫ੍ਰੈਸ਼ਾਇਰ, ਈਸਟ ਡਨਬਾਰਟਨਸ਼ਾਇਰ, ਵੈਸਟ ਡਨਬਾਰਟਨਸ਼ਾਇਰ, ਨੌਰਥ ਲੈਨਾਰਕਸ਼ਾਇਰ, ਸਾਊਥ ਲੈਨਰਕਸ਼ਾਇਰ, ਈਸਟ ਅਰਸ਼ਾਇਰ, ਸਾਊਥ ਅਰਸ਼ਾਇਰ, ਸਟਰਲਿੰਗ ਅਤੇ ਵੈਸਟ ਲੋਥੀਅਨ ਆਦਿ ਹਨ।
ਨਵੀਆਂ ਪਾਬੰਦੀਆਂ ਵਾਲੇ ਖੇਤਰਾਂ ਵਿਚ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬੰਦ ਹੋਣਗੀਆਂ, ਜਿਸ ਵਿਚ ਜਿੰਮ ਅਤੇ ਸਲੂਨ ਵੀ ਸ਼ਾਮਲ ਹਨ। ਇਸ ਲਈ ਤਾਲਾਬੰਦੀ ਤੋਂ ਇਕ ਦਿਨ ਪਹਿਲਾਂ ਜਰੂਰੀ ਅਤੇ ਹੋਰ ਕ੍ਰਿਸਮਸ ਸੰਬੰਧੀ ਤੋਹਫ਼ੇ ਆਦਿ ਖਰੀਦਣ ਲਈ ਲੋਕਾਂ ਨੇ ਖਰੀਦਦਾਰੀ ਕੀਤੀ। ਇਸ ਦੌਰਾਨ ਗਲਾਸਗੋ ਵਿਚ ਕੌਸਟਕੋ ਅਤੇ ਹੋਰ ਸ਼ਾਪਿੰਗ ਸੈਂਟਰਾਂ ਦੇ ਬਾਹਰ ਭਾਰੀ ਭੀੜ ਇਕੱਠੀ ਹੋਈ ਜਦਕਿ ਜ਼ਿਆਦਾਤਰ ਸਕਾਟਿਸ਼ ਵਾਸੀਆਂ ਨੇ ਟਾਇਲਟ ਪੇਪਰ ਅਤੇ ਭੋਜਨ ਦਾ ਭੰਡਾਰ ਕੀਤਾ। ਜ਼ਿਕਰਯੋਗ ਹੈ ਕਿ ਟੀਅਰ 4 ਤਾਲਾਬੰਦੀ ਦੀਆਂ ਪਾਬੰਦੀਆਂ 11 ਦਸੰਬਰ ਤੱਕ ਲਾਗੂ ਕੀਤੀਆਂ ਗਈਆਂ ਹਨ।