ਵਰਕ ਫਰਾਮ ਹੋਮ ’ਚ ਬਿਸਤਰੇ ਤੋਂ ਡੈਸਕ ’ਤੇ ਜਾ ਰਿਹਾ ਕਰਮਚਾਰੀ ਫਿਸਲ ਕੇ ਡਿੱਗਿਆ, ਕੋਰਟ ਦਾ ਫ਼ੈਸਲਾ ਮਿਲੇਗਾ ਹਰਜਾਨਾ
Saturday, Dec 11, 2021 - 12:31 PM (IST)

ਬਰਲਿਨ : ਕੋਰੋਨਾ ਮਹਾਮਾਰੀ ਦੌਰਾਨ ਦੁਨੀਆ ਭਰ ਵਿਚ ਸ਼ੁਰੂ ਹੋਇਆ ਵਰਕ ਫਰਾਮ ਹੋਮ ਦਾ ਚਲਣ ਅਜੇ ਵੀ ਜਾਰੀ ਹੈ। ਇਸੇ ਤਰ੍ਹਾਂ ਜਰਮਨੀ ਵਿਚ ਇਕ ਕੰਪਨੀ ਨੂੰ ਆਪਣੇ ਕਰਮਚਾਰੀ ਨੂੰ ਵਰਕ ਫਰਾਮ ਹੋਮ ਕਰਨ ਲਈ ਦੇਣਾ ਭਾਰੀ ਪੈ ਗਿਆ। ਦਰਅਸਲ ਇੱਥੇ ਵਰਕ ਫਰਾਮ ਹੋਮ ਦੌਰਾਨ ਆਪਣੇ ਬਿਸਤਰੇ ਤੋਂ ਉਠ ਕੇ ਡੈਸਕ ’ਤੇ ਜਾਣ ਦੌਰਾਨ ਇਕ ਕਰਮਚਾਰੀ ਫਿਸਲ ਕੇ ਡਿੱਗ ਗਿਆ ਅਤੇ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ। ਇਸ ਹਾਦਸੇ ਮਗਰੋਂ ਜਰਮਨ ਦੀ ਕੈਸਲ ਦੀ ਇਕ ਹਾਇਰ ਫੈਡਰਲ ਕੋਰਟ ਨੇ ਇੰਸ਼ੋਰੈਂਸ ਕੰਪਨੀ ਨੂੰ ਹਰਜਾਨੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਪਰ ਕੰਪਨੀ ਦੀ ਇੰਸ਼ੋਰੈਂਸ ਫਰਮ ਨੇ ਇਸ ਹਾਦਸੇ ਨੂੰ ਕੰਮ ’ਤੇ ਜਾਣ ਦੌਰਾਨ ਹਾਦਸਾ ਨਾ ਮੰਨਦੇ ਹੋਏ ਹਰਜਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਕਰਮਚਾਰੀ ਨੇ ਇੰਸ਼ੋਰੈਂਸ ਕੰਪਨੀ ਤੋਂ ਹਰਜਾਨੇ ਦੀ ਮੰਗ ਕਰਦੇ ਹੋਏ ਕੇਸ ਦਰਜ ਕੀਤਾ ਸੀ ਪਰ ਜਰਮਨ ਦੀਆਂ 2 ਹੇਠਲੀ ਅਦਾਲਤਾਂ ਨੇ ਕਰਮਚਾਰੀ ਦੇ ਕਲੇਮ ਨੂੰ ਰੱਦ ਕਰ ਦਿੱਤਾ ਪਰ ਸਮਾਜਿਕ ਸੁਰੱਖਿਆ ਮਾਮਲਿਆਂ ਵਾਲੀ ਫੈਡਰਲ ਅਦਾਲਤ ਨੇ ਕਰਮਚਾਰੀ ਦੇ ਪੱਖ ਵਿਚ ਫ਼ੈਸਲਾ ਸੁਣਾਇਆ। ਫੈਡਰਲ ਕੋਰਡ ਨੇ ਬਿਸਤਰੇ ਤੋਂ ਉਠ ਕੇ ਹੋਮ ਦਫ਼ਤਰ ਲਈ ਜਾਣ ਨੂੰ ਇੰਸ਼ੋਰੈਂਸ ਵਰਕ ਰੂਟ ਮੰਨਿਆ। ਕੋਰਟ ਨੇ ਕਿਹਾ ਕਿ ਕਰਮਚਾਰੀ ਵਰਕ ਫਰਾਮ ਹੋਮ ਦੌਰਾਨ ਬਿਸਤਰੇ ਤੋਂ ਉਠ ਕੇ ਬਿਨਾਂ ਨਾਸ਼ਤਾ ਕੀਤੇ ਡੈਸਕ ’ਤੇ ਲੱਗੇ ਕੰਪਿਊਟਰ ਵੱਲ ਜਾ ਰਿਹਾ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ।
ਇੰਸ਼ੋਰੈਂਸ ਕੰਪਨੀ ਨੇ ਕਿਹਾ ਕਿ ਹਰਜਾਨਾ ਸਿਰਫ਼ ਦਫ਼ਤਰ ਲਈ ਜਾਣ ਵਾਲੀ ਪਹਿਲੀ ਯਾਤਰਾ ’ਤੇ ਮਿਲ ਸਕਦਾ ਹੈ। ਕਰਮਚਾਰੀ ਵਰਕ ਫਰਾਮ ਹੋਮ ਕਰ ਰਿਹਾ ਸੀ, ਅਜਿਹੇ ਵਿਚ ਇਸ ਨੂੰ ਰੋਜ਼ਾਨਾ ਨਿਵਾਸ ਸਥਾਨ ਤੋਂ ਦਫ਼ਤਰ ਤੱਕ ਦੀ ਯਾਤਰਾ ਨਹੀਂ ਮੰਨਿਆ ਜਾ ਸਕਦਾ ਹੈ ਪਰ ਕੋਰਟ ਨੇ ਕਿਹਾ ਕਰਮਚਾਰੀ ਜਦੋਂ ਫਿਸਲ ਕੇ ਡਿੱਗਿਆ ਤਾਂ ਉਹ ਦਫ਼ਤਰ ਦੇ ਕੰਮ ਲਈ ਹੀ ਜਾ ਰਿਹਾ ਸੀ। ਬਿਸਤਰੇ ਤੋਂ ਡੈਸਕ ’ਤੇ ਕੰਪਿਊਟਰ ਤੱਕ ਜਾਣਾ ਦਫ਼ਤਰ ਜਾਣ ਦੇ ਸਮਾਨ ਹੀ ਹੈ। ਇੰਸ਼ੋਰੈਂਸ ਕੰਪਨੀ ਨੂੰ ਹਰਜਾਨਾ ਦੇਣਾ ਹੀ ਹੋਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।