ਬੰਗਲਾਦੇਸ਼ ''ਚ ਕੋਵਿਡ ਵੈਕਸੀਨ ਦੀ ਚੌਥੀ ਖ਼ੁਰਾਕ ਦੀ ਸ਼ੁਰੂਆਤ
Tuesday, Dec 20, 2022 - 04:25 PM (IST)

ਢਾਕਾ (ਵਾਰਤਾ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਮੰਗਲਵਾਰ ਨੂੰ ਤਰਜੀਹੀ ਸਮੂਹਾਂ ਲਈ ਕੋਵਿਡ-19 ਵੈਕਸੀਨ ਦੀ ਚੌਥੀ ਖੁਰਾਕ ਦੀ ਸ਼ੁਰੂਆਤ ਕੀਤੀ ਗਈ। ਢਾਕਾ ਦੇ ਇੱਕ ਹਸਪਤਾਲ ਵਿੱਚ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (DGHS) ਦੇ ਡਾਇਰੈਕਟਰ ਜਨਰਲ ਅਹਿਮਦੁਲ ਕਬੀਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਤਰਜੀਹੀ ਸਮੂਹਾਂ ਅਤੇ ਗਰਭਵਤੀ ਔਰਤਾਂ ਨੂੰ ਪਹਿਲਾਂ ਕੋਵਿਡ-19 ਵੈਕਸੀਨ ਦੀ ਚੌਥੀ ਖੁਰਾਕ ਦਿੱਤੀ ਜਾਵੇਗੀ।
ਡੀ.ਜੀ.ਐੱਚ.ਐੱਸ. ਨੇ ਦੱਸਿਆ ਕਿ ਤੀਸਰੀ ਡੋਜ਼ ਲੈਣ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਇਸ ਮੁਹਿੰਮ ਤਹਿਤ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ 2020 ਵਿੱਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੁੱਲ 20,36,938 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 19,86,857 ਲੋਕ ਠੀਕ ਹੋ ਚੁੱਕੇ ਹਨ ਅਤੇ 29,438 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡੀ.ਜੀ.ਐੱਚ.ਐੱਸ. ਦੇ ਅਨੁਸਾਰ ਬੰਗਲਾਦੇਸ਼ ਵਿੱਚ ਦਸੰਬਰ 2022 ਤੱਕ ਲਗਭਗ 33.9 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।