ਮਿਲ ਗਿਆ ਕਰੋਨਾ ਵਾਇਰਸ ਦਾ ਇਲਾਜ, ਤਿਆਰ ਕੀਤਾ ਵਿਸ਼ੇਸ਼ ਪਲਾਜ਼ਮਾ
Sunday, Feb 16, 2020 - 09:44 PM (IST)

ਬੀਜਿੰਗ (ਏਜੰਸੀ)- ਚੀਨ 'ਚ ਕਰੋਨਾ ਵਾਇਰਸ ਦੇ ਕਹਿਰ ਵਿਚਾਲੇ ਇਕ ਚੰਗੀ ਖਬਰ ਹੈ। ਚੀਨ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਲਈ ਇਕ ਵਿਸ਼ੇਸ਼ ਪਲਾਜ਼ਮਾ ਤਿਆਰ ਕੀਤਾ ਗਿਆ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਇਹ ਪਲਾਜ਼ਮਾ ਉਨ੍ਹਾਂ ਲੋਕਾਂ ਦਾ ਹੈ, ਜੋ ਕਰੋਨਾ ਵਾਇਰਸ ਨਾਲ ਪੀੜਤ ਸਨ ਅਤੇ ਹੁਣ ਸਿਹਤਯਾਬ ਹੋ ਚੁੱਕੇ ਹਨ। ਚਾਈਨਾ ਨੈਸ਼ਨਲ ਬਾਇਓਟੈਕ ਗਰੁੱਪ (ਸੀ.ਐਨ.ਬੀ.ਜੀ.) ਨੇ ਦੱਸਿਆ ਦੀ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਦੇ ਸਰੀਰ ਵਿਚ ਬਹੁਤ ਸਾਰੇ ਐਂਟੀਬਾਇਓਟਿਕ ਸ਼ਾਮਲ ਹੋ ਗਏ ਹਨ, ਜੋ ਕਰੋਨਾ ਵਾਇਰਸ ਨਾਲ ਨਜਿੱਠਣ ਵਿਚ ਬੇਹੱਦ ਕਾਰਗਰ ਸਾਬਿਤ ਹੋ ਸਕਦੇ ਹਨ। ਹਾਲ ਹੀ ਵਿਚ ਵੁਹਾਨ ਦੇ ਚਿਨਇਨਥਾਨ ਹਸਪਤਾਲ ਦੇ ਪ੍ਰਧਾਨ ਚਿਆਂਗ ਤਿਂਗਯੂ ਨੇ ਕਿਹਾ ਕਿ ਹਸਪਤਾਲ ਹਾਲ ਹੀ ਵਿਚ ਉਨ੍ਹਾਂ ਲੋਕਾਂ ਦੇ ਪਲਾਜ਼ਮਾ ਦਾ ਅਧਿਐਨ ਕਰ ਰਿਹਾ ਹੈ, ਜਿਸ ਵਿਚ ਸ਼ੁਰੂਆਤੀ ਨਤੀਜੇ ਮਿਲ ਗਏ ਹਨ। ਹੁਣ ਟੀਕਾ ਅਤੇ ਕਾਰਗਰ ਦਵਾਈ ਦੀ ਕਮੀ ਹੋਣ 'ਤੇ ਖਾਸ ਪਲਾਜ਼ਮਾ ਦੀ ਵਰਤੋਂ ਕਰਕੇ ਕਰੋਨਾ ਵਾਇਰਸ ਦੇ ਰੋਗੀਆਂ ਦਾ ਇਲਾਜ ਇਕ ਕਾਰਗਰ ਉਪਾਅ ਹੀ ਹੈ।
ਚਿਆਂਗ ਤਿੰਗਯੂ ਨੇ ਸਿਹਤਯਾਬ ਹੋ ਚੁੱਕੇ ਰੋਗੀਆਂ ਤੋਂ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਬੀਮਾਰੀ ਤੋਂ ਪੀੜਤ ਹੋਰ ਰੋਗੀਆਂ ਨੂੰ ਬਚਾਇਆ ਜਾ ਸਕੇ। ਸੀ.ਐਨ.ਬੀ.ਜੀ. ਨੇ ਇਸ ਗੱਲ ਦਾ ਐਲਾਨ ਕੀਤਾ ਕਿ ਇਸ ਬੀਮਾਰੀ ਤੋਂ ਨਿਜਾਤ ਪਾਉਣ ਵਾਲੇ ਮਰੀਜ਼ਾਂ ਤੋਂ ਪਲਾਜ਼ਮਾ ਇਕੱਠਾ ਕੀਤਾ ਗਿਆ ਹੈ। ਪਲਾਜ਼ਮਾ ਇਕੱਠਾ ਕਰਨ ਲਈ ਬਹੁਤ ਸਾਵਧਾਨੀਆਂ ਵਰਤੀਆਂ ਗਈਆਂ। ਇਸ ਦੌਰਾਨ ਬਲੱਡ ਸੈਂਪਲ, ਵਾਇਰਸ ਨੂੰ ਖਤਮ ਕਰਨ ਦੀ ਜਾਂਚ ਅਤੇ ਐਂਟੀਵਾਇਰਸ ਦੀ ਸਰਗਰਮੀ ਆਦਿ ਦੀ ਜਾਂਚ ਕੀਤੀ ਗਈ। ਇਕੱਠੇ ਕੀਤੇ ਗਏ ਪਲਾਜ਼ਮਾ ਤੋਂ ਕਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਨਾਲ ਹੀ ਸੀ.ਐਨ.ਬੀ.ਜੀ. ਅਤੇ ਵੁਹਾਨ ਬਲੱਡ ਕੇਂਦਰ ਨੇ ਸਾਂਝੇ ਤੌਰ 'ਤੇ ਸਿਹਤਯਾਬ ਹੋ ਗਏ ਐਨ.ਸੀ.ਪੀ. ਰੋਗੀਆਂ ਨੂੰ ਬਲੱਡ ਡੋਨੇਟ ਦਾ ਸੱਦਾ ਵੀ ਦਿੱਤਾ ਹੈ।
ਚਾਈਨਾ ਨੈਸ਼ਨਲ ਬਾਇਓਟੈਕ ਗਰੁੱਪ ਨੇ ਵੁਹਾਨ ਵਿਚ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਦਾ ਪਲਾਜ਼ਮਾ ਇਕੱਠਾ ਕਰਨ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਵੁਹਾਨ ਦੇ ਜਿਆਂਗਕਸਿਆ ਦੇ ਇਕ ਹਸਪਤਾਲ ਵਿਚ ਬੀਤੇ ਦਿਨੀਂ ਗੰਭੀਰ ਰੂਪ ਨਾਲ ਬੀਮਾਰ 10 ਮਰੀਜ਼ਾਂ ਦਾ ਇਸੇ ਵਿਧੀ ਨਾਲ ਇਲਾਜ ਜਾਰੀ ਹੈ। ਰੋਗੀਆਂ ਨੂੰ ਇਸ ਵਿਧੀ ਨਾਲ ਇਲਾਜ ਦੇਣ ਦੇ 12 ਤੋਂ 24 ਘੰਟੇ ਬਾਅਦ ਹੀ ਲੱਛਣਾਂ ਵਿਚ ਸੁਧਾਰ ਪਾਇਆ ਗਿਆ ਹੈ। ਇਲਾਜ ਤੋਂ ਬਾਅਦ ਹੀ ਖੂਨ ਵਿਚ ਆਕਸੀਜਨ ਦਾ ਪ੍ਰਵਾਹ ਸਹੀ ਪਾਇਆ ਗਿਆ ਅਤੇ ਬੀਮਾਰੀ ਵਧਾਉਣ ਵਾਲੇ ਵਾਇਰਸ ਦੀ ਗਿਣਤੀ ਵਿਚ ਕਮੀ ਪਾਈ ਗਈ।