ਸਾਬਕਾ 'ਮਿਸ ਯੂਕ੍ਰੇਨ' ਵੇਰੋਨਿਕਾ ਨੇ ਸੁਣਾਇਆ ਦਰਦ ਭਰਿਆ ਕਿੱਸਾ, ਦੱਸਿਆ ਕਿਵੇਂ ਆਪਣੇ 7 ਸਾਲ ਦੇ ਪੁੱਤਰ ਨਾਲ...

03/09/2022 12:39:22 PM

ਲਾਸ ਏਂਜਲਸ (ਭਾਸ਼ਾ)- ਸਾਬਕਾ ਮਿਸ ਯੂਕ੍ਰੇਨ ਵੇਰੋਨਿਕਾ ਦਿਦੁਸੇਂਕੋ ਨੇ ਆਪਣੇ ਦੇਸ਼ ਉੱਤੇ ਰੂਸੀ ਹਮਲੇ ਤੋਂ ਬਾਅਦ ਕੀਵ ਤੋਂ ਆਪਣੇ 7 ਸਾਲਾ ਪੁੱਤਰ ਨੂੰ ਲੈ ਕੇ ਨਿਕਲਣ ਦੀ ਇਕ ਦਰਦ ਭਰਿਆ ਕਿੱਸਾ ਸੁਣਾਇਆ ਹੈ। ਉਨ੍ਹਾਂ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਰੂਸੀ ਹਮਲਿਆਂ ਨਾਲ ਨਜਿੱਠਣ ਲਈ ਆਪਣੇ ਦੇਸ਼ ਦੇ ਲੋਕਾਂ ਨੂੰ ਵਾਧੂ ਹਥਿਆਰ ਅਤੇ ਹੋਰ ਫੌਜੀ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਹੈ। ਵੇਰੋਨਿਕਾ ਨੇ ਸਾਲ 2018 ਵਿਚ ਮਿਸ ਯੂਕ੍ਰੇਨ ਦਾ ਤਾਜ ਜਿੱਤਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪੁੱਤਰ ਰੂਸੀ ਹਮਲੇ ਦੇ ਪਹਿਲੇ ਦਿਨ ਹਵਾਈ ਹਮਲਿਆਂ ਅਤੇ ਧਮਾਕਿਆਂ ਦੇ ਸਾਇਰਨ ਦੀ ਆਵਾਜ਼ ਨਾਲ ਜਾਗ ਪਏ।

ਇਹ ਵੀ ਪੜ੍ਹੋ: ਭਾਰਤੀ ਡਾਕਟਰ ਨੇ ਆਪਣੇ ਪਾਲਤੂ ਜੈਗੁਆਰ ਅਤੇ ਤੇਂਦੁਏ ਤੋਂ ਬਿਨਾਂ ਯੂਕ੍ਰੇਨ ਛੱਡਣ ਤੋਂ ਕੀਤਾ ਇਨਕਾਰ

PunjabKesari

ਇਸ ਦੇ ਨਾਲ ਹੀ ਦੋਵੇਂ ਸੜਕਾਂ 'ਤੇ ਨਿਕਲੇ ਹਜ਼ਾਰਾਂ ਲੋਕਾਂ ਦੀ ਭੀੜ 'ਚ ਸ਼ਾਮਲ ਹੋ ਗਏ, ਜੋ ਯੂਕ੍ਰੇਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਵੇਰੋਨਿਕਾ ਨੇ ਕਿਹਾ, "ਯੂਕ੍ਰੇਨ ਦੀ ਸਰਹੱਦ 'ਤੇ ਮੇਰੀ ਯਾਤਰਾ ਵਿਚ ਅਜਿਹੀ ਕੋਈ ਜਗ੍ਹਾ ਨਹੀਂ ਸੀ, ਜਿੱਥੇ ਸਾਇਰਨ ਦੀ ਆਵਾਜ਼ ਨਾ ਆਉਂਦੀ ਹੋਵੇ, ਜਿੱਥੇ ਰਾਕੇਟ ਡਿੱਗਣ ਜਾਂ ਬੰਬ ਧਮਾਕੇ ਹੋਣ ਦੀਆਂ ਆਵਾਜ਼ਾਂ ਨਹੀਂ ਸੁਣਾਈ ਦੇ ਰਹੀਆਂ ਸਨ।' ਸਾਬਕਾ ਮਿਸ ਯੂਕ੍ਰੇਨ ਨੇ ਔਰਤਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਅਮਰੀਕੀ ਅਟਾਰਨੀ ਗਲੋਰੀਆ ਐਲਰੇਡ ਦੇ ਲਾਸ ਏਂਜਲਸ ਦਫ਼ਤਰ ਵਿਚ ਆਯੋਜਿਤ ਇਕ ਨਿਊਜ਼ ਕਾਨਫਰੰਸ ਵਿਚ ਆਪਣੀ ਕਹਾਣੀ ਦੱਸੀ।

ਇਹ ਵੀ ਪੜ੍ਹੋ:ਕੀਵ ’ਚ ਬੰਬਾਰੀ ਦਰਮਿਆਨ ਖਿਲਰੀਆਂ ਲਾਸ਼ਾਂ ਨੂੰ ਖਿੱਚੀ ਫਿਰਦੇ ਹਨ ਕੁੱਤੇ

PunjabKesari

ਇਸ ਦੌਰਾਨ ਗਲੋਰੀਆ ਨੇ ਦੱਸਿਆ ਕਿ ਉਨ੍ਹਾਂ ਦੀ ਵੇਰੋਨਿਕਾ ਨਾਲ ਕੁਝ ਮਹੀਨੇ ਪਹਿਲਾਂ ਹੀ ਦੋਸਤੀ ਹੋਈ ਸੀ। ਅਮਰੀਕੀ ਅਟਾਰਨੀ ਦੇ ਅਨੁਸਾਰ, ਵੇਰੋਨਿਕਾ ਅਤੇ ਉਨ੍ਹਾਂ ਦਾ ਪੁੱਤਰ ਕਿਸੇ ਤਰ੍ਹਾਂ ਯੂਕ੍ਰੇਨ ਤੋਂ ਮੋਲਡੋਵਾ ਪਹੁੰਚੇ ਅਤੇ ਫਿਰ ਦੂਜੇ ਯੂਰਪੀਅਨ ਦੇਸ਼ਾਂ ਦੀ ਯਾਤਰਾ ਕਰਦੇ ਹੋਏ ਸਵਿਟਜ਼ਰਲੈਂਡ ਦੇ ਜਿਨੇਵਾ ਵਿਚ ਦਾਖ਼ਲ ਹੋਏ। ਵੇਰੋਨਿਕਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਜਿਨੇਵਾ ਵਿਚ ਛੱਡ ਕੇ ਅਮਰੀਕਾ ਜਾਣ ਦਾ ਦਿਲ ਤੋੜਨ ਵਾਲਾ ਫੈਸਲਾ ਲੈਣਾ ਪਿਆ ਤਾਂ ਕਿ ਉਹ ਗਲੋਰੀਆ ਨਾਲ ਇਕ ਨਿਊਜ਼ ਕਾਨਫਰੰਸ ਕਰ ਸਕੇ।

ਇਹ ਵੀ ਪੜ੍ਹੋ: ਬ੍ਰਾਜ਼ੀਲ ਦੇ ਨੇਤਾ ਨੇ ਯੂਕ੍ਰੇਨ ਦੀਆਂ ਔਰਤਾਂ ਨੂੰ ਲੈ ਕੇ ਦਿੱਤਾ ਸ਼ਰਮਨਾਕ ਬਿਆਨ, ਖੜ੍ਹਾ ਹੋਇਆ ਬਖੇੜਾ

PunjabKesari

ਯੂਕ੍ਰੇਨ ਦੇ ਝੰਡੇ ਨਾਲ ਮੇਲ ਖਾਂਦੀ ਨੀਲੇ-ਪੀਲੇ ਪਹਿਰਾਵੇ ਵਿਚ ਵੇਰੋਨਿਕਾ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਗਲੋਰੀਆ ਨੇ ਫੈਸਲਾ ਕੀਤਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਆਪਣੇ ਦੇਸ਼ ਵਿਚ ਜ਼ਮੀਨੀ ਸਥਿਤੀ ਨੂੰ ਸਾਹਮਣੇ ਲਿਆਉਣਾ ਮਹੱਤਵਪੂਰਨ ਹੈ। ਵੇਰੋਨਿਕਾ ਨੇ ਕਿਹਾ, “ਮੌਜੂਦਾ ਸਮੇਂ ਵਿਚ ਦੇਸ਼ ਦੇ ਸਬਵੇਅ ਸਟੇਸ਼ਨਾਂ ਅਤੇ ਬੰਬ ਰੋਕੂ ਕੇਂਦਰਾਂ ਵਿਚ ਸ਼ਰਨ ਲੈਣ ਵਾਲੇ ਲੱਖਾਂ ਯੂਕ੍ਰੇਨੀ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਹਰ ਆਵਾਜ਼ ਵਿਚ ਕੰਬ ਉਠਦੇ ਹਨ। ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਕੁਝ ਔਰਤਾਂ ਅਜਿਹੇ ਹਾਲਾਤਾਂ ਵਿਚ ਇਨ੍ਹਾਂ ਆਸਰਾ ਘਰਾਂ ਵਿਚ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ।'

ਇਹ ਵੀ ਪੜ੍ਹੋ: ਵਿਰੋਧੀ ਧਿਰ ਨੇ ਪੇਸ਼ ਕੀਤਾ ਬੇਭਰੋਸਗੀ ਮਤਾ, ਖ਼ਤਰੇ 'ਚ ਇਮਰਾਨ ਸਰਕਾਰ

PunjabKesari

ਸਾਬਕਾ ਮਿਸ ਯੂਕ੍ਰੇਨ ਅਨੁਸਾਰ ਉਨ੍ਹਾਂ ਦਾ ਆਪਣੇ ਪੁੱਤਰ ਲਈ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਅਜਿਹੇ ਵਿਚ ਉਹ ਇਸ ਹਫ਼ਤੇ ਦੇ ਅੰਤ ਵਿਚ ਜਿਨੇਵਾ ਵਾਪਸ ਪਰਤ ਜਾਵੇਗੀ। ਨਿਊਜ਼ ਕਾਨਫਰੰਸ ਵਿਚ ਬੋਲਦਿਆਂ, ਗਲੋਰੀਆ ਨੇ ਉਮੀਦ ਜ਼ਾਹਰ ਕੀਤੀ ਕਿ ਬਾਈਡੇਨ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿਚ ਵੀਜ਼ਾ ਨਿਯਮਾਂ ਨੂੰ ਸੌਖਾ ਕਰੇਗਾ, ਤਾਂ ਜੋ ਹੋਰ ਸੰਖਿਆ ਵਿਚ ਯੂਕ੍ਰੇਨੀ ਨਾਗਰਿਕ ਅਮਰੀਕਾ ਆ ਸਕਣ। ਇਸ ਦੇ ਨਾਲ ਹੀ ਵੇਰੋਨਿਕਾ ਨੇ ਕਿਹਾ ਕਿ ਯੂਕ੍ਰੇਨ ਵਾਸੀ ਆਪਣੇ ਦੇਸ਼ ਦੀ ਰੱਖਿਆ ਲਈ ਵਚਨਬੱਧ ਹਨ, ਪਰ ਉਨ੍ਹਾਂ ਨੂੰ ਵਾਧੂ ਹਥਿਆਰਾਂ ਅਤੇ ਹੋਰ ਸਾਜ਼ੋ-ਸਾਮਾਨ ਦੀ ਲੋੜ ਹੈ। ਸਾਬਕਾ ਮਿਸ ਯੂਕ੍ਰੇਨ ਨੇ ਕਿਹਾ, 'ਯੂਕ੍ਰੇਨ ਵਾਸੀ ਆਪਣੀ ਜ਼ਮੀਨ ਅਤੇ ਘਰਾਂ ਦੀ ਰੱਖਿਆ ਕਰਨ ਦੀ ਹਿੰਮਤ ਰੱਖਦੇ ਹਨ, ਪਰ ਉਨ੍ਹਾਂ ਨੂੰ ਪੂਰਬ ਅਤੇ ਉੱਤਰ ਤੋਂ ਲਗਾਤਾਰ ਹਮਲਿਆਂ ਨੂੰ ਰੋਕਣ ਲਈ ਵਾਧੂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਖ਼ਤ ਲੋੜ ਹੈ। ਅਸੀਂ ਆਪਣੀ ਅਤੇ ਤੁਹਾਡੀ ਆਜ਼ਾਦੀ ਲਈ ਲੜਦੇ ਰਹਾਂਗੇ।'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News