ਕੈਨੇਡਾ ਦੀ ਸੰਸਦ 'ਚ ਪੰਜਾਬੀ MP ਨੇ ਮੰਗੀ ਮਾਫੀ, ਇਹ ਸਨ ਗੰਭੀਰ ਦੋਸ਼

05/08/2019 9:17:04 AM

ਕੈਲਗਰੀ— ਕੈਨੇਡਾ 'ਚ ਲਿਬਰਲ ਪਾਰਟੀ ਵਲੋਂ ਸੰਸਦ ਮੈਂਬਰ ਰਹੇ ਦਰਸ਼ਨ ਕੰਗ 'ਤੇ ਔਰਤ ਨਾਲ ਛੇੜ-ਛਾੜ ਕਰਨ ਦੇ ਗੰਭੀਰ ਦੋਸ਼ ਲੱਗੇ ਸਨ, ਜਿਸ ਲਈ ਉਨ੍ਹਾਂ ਨੇ ਸੰਸਦ 'ਚ ਮਾਫੀ ਮੰਗਦਿਆਂ ਕਿਹਾ ਕਿ ਉਨ੍ਹਾਂ ਦੇ ਵਿਵਹਾਰ ਕਾਰਨ ਜੇਕਰ ਕਿਸੇ ਨੂੰ ਪ੍ਰੇਸ਼ਾਨੀ ਹੋਈ ਹੈ ਤਾਂ ਉਹ ਤਹਿ ਦਿਲੋਂ ਇਸ ਲਈ ਮਾਫੀ ਮੰਗਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਕੋਈ ਗਲਤ ਇਰਾਦਾ ਨਹੀਂ ਸੀ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਕੰਗ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਦਫਤਰ ਦੀ ਇਕ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਦੋਸ਼ ਸਨ ਕਿ ਕੰਗ ਨੇ ਪੀੜਤ ਔਰਤ ਨੂੰ ਚੁੱਪ ਰਹਿਣ ਲਈ ਇਕ ਲੱਖ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਪਰਿਵਾਰ ਨੇ ਸਵਿਕਾਰ ਨਹੀਂ ਕੀਤਾ ਸੀ। ਉਸ ਔਰਤ ਦੇ ਪਿਤਾ ਵਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਕੰਗ ਨੇ ਲਿਬਰਲ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਆਜ਼ਾਦ ਸੰਸਦ ਮੈਂਬਰ ਬਣੇ ਰਹੇ। ਹਾਲਾਂਕਿ ਪੀੜਤ ਔਰਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਾਫੀ ਨਾਲ ਸੰਤੁਸ਼ਟ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਮਾਫੀ ਮੰਗਣ ਦਾ ਤਰੀਕਾ ਠੀਕ ਨਹੀਂ ਸੀ।

ਇਸ ਸਮੇਂ ਕੈਨੇਡਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਕਿਉਂਕਿ ਅਕਤੂਬਰ ਮਹੀਨੇ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸੇ ਲਈ ਪਾਰਟੀਆਂ ਆਪੋ-ਆਪਣੀ ਪਛਾਣ ਚੰਗੀ ਦਿਖਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਅਜਿਹੇ 'ਚ ਕੰਗ ਦੀ ਮਾਫੀ ਦੇ ਕਈ ਮਤਲਬ ਕੱਢੇ ਜਾ ਰਹੇ ਹਨ।


Related News