225 ਲੋਕ ਸਭਾ ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ, 5 ਫ਼ੀਸਦੀ ਅਰਬਪਤੀ: ADR

04/02/2024 9:52:47 AM

ਨਵੀਂ ਦਿੱਲੀ- ਦੇਸ਼ ਵਿਚ ਚੱਲ ਰਹੇ ਚੋਣ ਮਾਹੌਲ ਦਰਮਿਆਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਵੱਲੋਂ ਮੌਜੂਦਾ ਸੰਸਦ ਦੇ 514 ਮੈਂਬਰਾਂ ਦੇ ਅਪਰਾਧਿਕ ਅਤੇ ਅਕਾਦਮਿਕ ਰਿਕਾਰਡ ਤੋਂ ਇਲਾਵਾ ਆਰਥਿਕ ਰਿਕਾਰਡ ਨੂੰ ਲੈ ਕੇ ਇਹ ਅੰਕੜੇ ਜਾਰੀ ਕੀਤੇ ਗਏ ਹਨ। ਰਿਪੋਰਟ ਮੁਤਾਬਕ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਚੁਣੇ ਗਏ 225 (44 ਫੀਸਦੀ) ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ ਜਦਕਿ 149 (29 ਫੀਸਦੀ) ਸੰਸਦ ਮੈਂਬਰ ਗੰਭੀਰ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਹਨ। ਰਿਪੋਰਟ ਤੋਂ ਸਪੱਸ਼ਟ ਹੈ ਕਿ ਦੇਸ਼ ਦੇ ਵੋਟਰਾਂ ਨੂੰ ਆਪਣੇ ਨੁਮਾਇੰਦਿਆਂ ਦੀ ਚੋਣ ਕਰਦੇ ਸਮੇਂ ਵਧੇਰੇ ਸਾਵਧਾਨ ਰਹਿਣਾ ਹੋਵੇਗਾ ਤਾਂ ਜੋ ਇਸ ਵਾਰ ਅਪਰਾਧਿਕ ਰਿਕਾਰਡ ਵਾਲੇ ਸੰਸਦ ਮੈਂਬਰ ਦੇਸ਼ ਦੀ ਸੰਸਦ ਤੱਕ ਨਾ ਪਹੁੰਚ ਸਕਣ।

ਏ. ਡੀ. ਆਰ. ਦੇ ਅੰਕੜਿਆਂ ਅਨੁਸਾਰ 9 ਮੌਜੂਦਾ ਸੰਸਦ ਮੈਂਬਰਾਂ ਨੇ ਆਪਣੇ ਵਿਰੁੱਧ ਕਤਲ ਨਾਲ ਸਬੰਧਤ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ’ਚੋਂ 5 ਸੰਸਦ ਮੈਂਬਰ ਭਾਜਪਾ ਦੇ ਹਨ ਜਦਕਿ ਕਾਂਗਰਸ, ਬਸਪਾ, ਵਾਈ. ਐੱਸ. ਆਰ. ਕਾਂਗਰਸ ਅਤੇ ਇਕ ਆਜ਼ਾਦ ਸੰਸਦ ’ਤੇ ਵੀ ਕਤਲ ਦਾ ਮਾਮਲਾ ਦਰਜ ਹੈ। 28 ਮੌਜੂਦਾ ਸੰਸਦ ਮੈਂਬਰਾਂ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚੋਂ 21 ਸੰਸਦ ਮੈਂਬਰ ਭਾਜਪਾ ਦੇ ਹਨ ਜਦਕਿ ਕਾਂਗਰਸ, ਤ੍ਰਿਣਮੂਲ ਕਾਂਗਰਸ, ਵਾਈ. ਐੱਸ. ਆਰ. ਕਾਂਗਰਸ, ਬਸਪਾ, ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਅਤੇ ਵਿਦੁਤਲਾਈ ਚਿਰੂਥੈਗਲ ਕਾਚੀ ਦੇ ਇਕ-ਇਕ ਸੰਸਦ ਮੈਂਬਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। 16 ਮੌਜੂਦਾ ਸੰਸਦ ਮੈਂਬਰਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ 3 ਸੰਸਦ ਮੈਂਬਰਾਂ ਖ਼ਿਲਾਫ ਔਰਤਾਂ ਨਾਲ ਜਬਰ-ਜ਼ਨਾਹ ਦਾ ਕੇਸ ਵੀ ਦਰਜ ਹੈ।

ਜਨਤਾ ਦਲ ਯੂ ਦੇ 75 ਫੀਸਦੀ ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ

ਜਨਤਾ ਦਲ ਦੇ ਯੂ ਦੇ ਸਭ ਤੋਂ ਜ਼ਿਆਦਾ 75 ਫੀਸਦੀ (16 ’ਚੋਂ 12 ਸੰਸਦ ਮੈਂਬਰ) ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਹਨ ਜਦਕਿ ਕਾਂਗਰਸ ਦੇ 46 ਵਿਚੋਂ 26 (57 ਫੀਸਦੀ), ਵਾਈ. ਐੱਸ. ਆਰ. ਕਾਂਗਰਸ ਦੇ 17 ਵਿਚੋਂ 8 (47 ਫੀਸਦੀ), ਡੀ. ਐੱਮ. ਕੇ ਦੇ 24 ਵਿਚੋਂ 11 (46 ਫੀਸਦੀ), ਤ੍ਰਿਣਮੂਲ ਕਾਂਗਰਸ ਦੇ 19 ਵਿਚੋਂ 8 (42 ਫੀਸਦੀ) ਅਤੇ ਭਾਜਪਾ ਦੇ ਮੌਜੂਦਾ 294 ਸੰਸਦ ਮੈਂਬਰਾਂ ’ਚੋਂ 118 (40 ਫੀਸਦੀ) ਸੰਸਦ ਮੈਂਬਰਾਂ ਨੇ ਆਪਣੇ ਹਲਫਨਾਮੇ ’ਚ ਪੁਸ਼ਟੀ ਕੀਤੀ ਹੈ। ਜਨਤਾ ਦਲ ਯੂ ਦੇ 16 ਵਿਚੋਂ 8 (50 ਫੀਸਦੀ), ਵਾਈ. ਐੱਸ. ਆਰ. ਕਾਂਗਰਸ ਦੇ 17 ਵਿਚੋਂ 7 (41 ਫੀਸਦੀ), ਭਾਜਪਾ 294 ਵਿਚੋਂ 87 (30 ਫੀਸਦੀ), ਕਾਂਗਰਸ ਨੂੰ 46 ਵਿਚੋਂ 14 (30 ਫੀਸਦੀ), 24 ਵਿਚੋਂ 7 (ਡੀ. 29 ਫੀਸਦੀ) ਐੱਮ. ਕੇ. ਅਤੇ ਤ੍ਰਿਣਮੂਲ ਕਾਂਗਰਸ ਦੇ 19 ਵਿਚੋਂ 4 (21 ਫੀਸਦੀ) ਅਤੇ ਸੰਸਦ ਮੈਂਬਰਾਂ ਨੇ ਆਪਣੇ ਹਲਫਨਾਮੇ ਵਿਚ ਉਨ੍ਹਾਂ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।

ਸੰਸਦ ਵਿਚ 25 ਸੰਸਦ ਮੈਂਬਰ ਅਰਬਪਤੀ

ਇਸ ਰਿਪੋਰਟ ਮੁਤਾਬਕ 514 ਸੰਸਦ ਮੈਂਬਰਾਂ ਵਿਚੋਂ 25 ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਜਾਇਦਾਦ 100 ਕਰੋੜ ਰੁਪਏ ਤੋਂ ਵੱਧ ਹੈ। ਅਰਬਪਤੀ ਸੰਸਦ ਮੈਂਬਰਾਂ ਦੇ ਮਾਮਲੇ ਵਿਚ ਭਾਜਪਾ ਪਹਿਲੇ ਨੰਬਰ ’ਤੇ ਹੈ ਅਤੇ ਪਾਰਟੀ ਦੇ 9 ਸੰਸਦ ਅਰਬਪਤੀ ਹਨ। ਹਾਲਾਂਕਿ ਉਸ ਦੇ ਕੁਲ ਸੰਸਦ ਮੈਂਬਰਾਂ ਦੇ ਫੀਸਦੀ ਦੇ ਹਿਸਾਬ ਨਾਲ ਅਰਬਪਤੀ ਸੰਸਦ ਮੈਂਬਰਾਂ ਦੀ ਗਿਣਤੀ 3 ਫੀਸਦੀ ਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਮੈਂਬਰ ਹਨ ਅਤੇ ਦੋਵੇਂ ਸੰਸਦ ਮੈਂਬਰ ਅਰਬਪਤੀ ਹਨ। ਜਦਕਿ ਟੀ. ਡੀ. ਪੀ., ਕਾਂਗਰਸ, ਵਾਈ. ਆਰ. ਐੱਸ., ਕਾਂਗਰਸ ਅਤੇ ਟੀ. ਆਰ. ਐੱਸ. ਦੇ 2 ਵਿਚੋਂ 1 ਸੰਸਦ ਮੈਂਬਰ ਵੀ ਅਰਬਪਤੀ ਹਨ।


350 ਸੰਸਦ ਮੈਂਬਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ

ਇਸ ਰਿਪੋਰਟ ਦਾ ਸਕਾਰਾਤਮਕ ਪੱਖ ਇਹ ਵੀ ਹੈ ਕਿ ਸੰਸਦ ਦੇ 133 ਮੈਂਬਰ ਪੋਸਟ ਗ੍ਰੈਜੂਏਟ ਹਨ ਜਦੋਂ ਕਿ 94 ਗ੍ਰੈਜੂਏਟ ਪੇਸ਼ੇਵਰ ਹਨ ਅਤੇ 123 ਕੋਲ ਗ੍ਰੈਜੂਏਸ਼ਨ ਡਿਗਰੀਆਂ ਹਨ। ਇਸ ਲਿਹਾਜ਼ ਨਾਲ 350 ਸੰਸਦ ਮੈਂਬਰਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਤੋਂ ਉੱਪਰ ਹੈ। ਹਾਲਾਂਕਿ ਸੰਸਦ ਵਿਚ 66 ਸੰਸਦ ਮੈਂਬਰ 12ਵੀਂ ਪਾਸ ਹਨ ਅਤੇ 10ਵੀਂ ਪਾਸ ਸੰਸਦ ਮੈਂਬਰਾਂ ਦੀ ਗਿਣਤੀ 40 ਹੈ। 12 ਮੌਜੂਦਾ ਸੰਸਦ ਮੈਂਬਰ ਅੱਠਵੀਂ ਪਾਸ ਹਨ ਅਤੇ ਚਾਰ ਸੰਸਦ ਮੈਂਬਰ ਪੰਜਵੀਂ ਪਾਸ ਹਨ। ਕੁੱਲ 122 ਸੰਸਦ ਮੈਂਬਰਾਂ ਦੀ ਵਿਦਿਅਕ ਯੋਗਤਾ 12ਵੀਂ ਜਮਾਤ ਤੋਂ ਘੱਟ ਹੈ।

ਕੇਰਲ ’ਚ ਸਭ ਤੋਂ ਜ਼ਿਆਦਾ ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ

ਅਪਰਾਧਿਕ ਸੰਸਦ ਮੈਂਬਰ ਚੁਣਨ ਦੇ ਮਾਮਲੇ ਵਿਚ ਦੇਸ਼ ਦਾ ਪੜ੍ਹਿਆ-ਲਿਖਿਆ ਸੂਬਾ ਕੇਰਲ ਪਹਿਲੇ ਨੰਬਰ ’ਤੇ ਹੈ। ਇਥੋਂ ਚੁਣੇ ਗਏ 85 ਫੀਸਦੀ ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਹਨ। ਕੇਰਲ ਦੇ 20 ਵਿਚੋਂ 17 ਸੰਸਦ ਮੈਂਬਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹਨ। ਦੂਜਾ ਨੰਬਰ ਬਿਹਾਰ ਦਾ ਹੈ, ਜਿਥੇ 40 ਵਿਚੋਂ 31 (78 ਫੀਸਦੀ) ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਹਨ। ਤੀਜੇ ਨੰਬਰ ’ਤੇ ਹਿਮਾਚਲ ਪ੍ਰਦੇਸ਼ ਹੈ, ਜਿਥੇ 4 ਵਿਚੋਂ 3 (75 ਫੀਸਦੀ) ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਹਨ। ਪੱਛਮੀ ਬੰਗਾਲ ਦੇ 23 ਸੰਸਦ ਮੈਂਬਰਾਂ (58 ਫੀਸਦੀ), ਤੇਲੰਗਾਨਾ ਦੇ 7 ਸੰਸਦ ਮੈਂਬਰਾਂ (54 ਫੀਸਦੀ), ਤਾਮਿਲਨਾਡੂ ਦੇ 19 ਸੰਸਦ ਮੈਂਬਰਾਂ (49 ਫੀਸਦੀ), ਮਹਾਰਾਸ਼ਟਰ ਦੇ 25 ਸੰਸਦ ਮੈਂਬਰਾਂ (54 ਫੀਸਦੀ), ਉੱਤਰ ਪ੍ਰਦੇਸ਼ ਦੇ 41 ਸੰਸਦ ਮੈਂਬਰਾਂ (54 ਫੀਸਦੀ) ਸੰੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਹਨ।

ਗੰਭੀਰ ਅਪਰਾਧਿਕ ਮਾਮਲਿਆਂ ਵਿਚ ਉੱਤਰ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ ਜਿਤੇ 22 ਸੰਸਦ ਮੈਂਬਰ (43 ਫੀਸਦੀ) ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹਨ, ਜਦਕਿ ਬਿਹਾਰ ਦੇ 22 ਸੰਸਦ ਮੈਂਬਰ (55 ਫੀਸਦੀ), ਹਿਮਾਚਲ ਦੇ 2 ਸੰਸਦ ਮੈਂਬਰ (50 ਫੀਸਦੀ), ਕੇਰਲ ਦੇ 8 ਸੰਸਦ ਮੈਂਬਰ (40 ਫੀਸਦੀ), ਪੰਛਮੀ ਬੰਗਾਲ ਦੇ 16 ਸੰਸਦ ਮੈਂਬਰ (40 ਫੀਸਦੀ), ਤੇਲੰਗਾਨਾ ਦੇ 5 ਸੰਸਦ ਮੈਂਬਰ (38 ਫੀਸਦੀ) ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹਨ।


Tanu

Content Editor

Related News