ਪਾਕਿਸਤਾਨ ’ਚ ਅਸਥਿਰਤਾ ਫੈਲਾਉਣ ਵਾਲੀਆਂ ਤਾਕਤਾਂ ਨੂੰ ਬੇਨਕਾਬ ਕੀਤਾ ਜਾਵੇ : ਪ੍ਰਧਾਨ ਮੰਤਰੀ ਸ਼ਾਹਬਾਜ਼
Monday, Jul 15, 2024 - 12:23 PM (IST)
ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ’ਚ ਅਸਥਿਰਤਾ ਫੈਲਾਉਣ ’ਚ ਲੱਗੇ ਅਨਸਰਾਂ ਦਾ ਪਰਦਾਫਾਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਆਰਥਿਕ ਤੌਰ ’ਤੇ ਸੰਕਟ ’ਚ ਘਿਰੀ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‘ਏ.ਆਰ.ਵਾਈ. ਨਿਊਜ਼’ ’ਚ ਕਿਹਾ ਗਿਆ ਹੈ ਕਿ ਸ਼ਰੀਫ ਨੇ ਸੈਨੇਟ (ਪਾਕਿਸਤਾਨੀ ਸੰਸਦ ਦੇ ਇਕ ਸਦਨ) ’ਚ ਪਾਕਿਸਤਾਨ ਮੁਸਲਿਮ ਲੀਗ (ਐੱਨ.) ਦੀ ਸੰਸਦੀ ਪਾਰਟੀ ਦੇ ਨੇਤਾ ਅਤੇ ਵਿਦੇਸ਼ ਮਾਮਲਿਆਂ ’ਤੇ ਸੈਨੇਟ ਦੀ ਸਥਾਈ ਕਮੇਟੀ ਦੇ ਚੇਅਰਮੈਨ ਇਰਫਾਨ ਸਿੱਦੀਕੀ ਨਾਲ ਮੁਲਾਕਾਤ ਦੌਰਾਨ ਅਸਿੱਧੇ ਤੌਰ ’ਤੇ ਵਿਰੋਧੀ ਧਿਰ ਵੱਲ ਇਸ਼ਾਰਾ ਕਰਦੇ ਹੋਏ ਇਹ ਗੱਲ ਕਹੀ।
ਕਿਸੇ ਵੀ ਪਾਰਟੀ ਦਾ ਨਾਂ ਲਏ ਬਿਨਾਂ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੂੰ ਸਰਕਾਰ, ਦੇਸ਼ ਅਤੇ ਰਾਸ਼ਟਰੀ ਸੁਰੱਖਿਆ ਸੰਸਥਾਵਾਂ ਵਿਰੁੱਧ ਚੱਲ ਰਹੀ ਸੰਗਠਿਤ ਮੁਹਿੰਮ ਨੂੰ ਅਸਫਲ ਕਰਨ ਲਈ ਇਕ ਪ੍ਰਭਾਵਸ਼ਾਲੀ ਰਣਨੀਤੀ ਵਿਕਸਿਤ ਕਰਨ ’ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।