ਪੰਜ ਦੇਸ਼ ਅਤੇ 5400 ਕਿਲੋਮੀਟਰ ਦੀ ਯਾਤਰਾ, ਹੱਜ ਲਈ 'ਪੈਦਲ' ਨਿਕਲਿਆ ਨੌਜਵਾਨ (ਵੀਡੀਓ)
Sunday, Oct 30, 2022 - 11:57 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਉਸਮਾਨ ਅਰਸ਼ਦ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਊਦੀ ਅਰਬ ਦੀ ਆਪਣੀ ਪੈਦਲ ਯਾਤਰਾ ਸ਼ੁਰੂ ਕੀਤੀ। ਉਦੋਂ ਤੋਂ ਉਹ ਲਗਭਗ 540 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕਾ ਹੈ। ਉਸਮਾਨ ਅਗਲੇ ਸਾਲ ਹੱਜ ਵਿਚ ਹਿੱਸਾ ਲੈਣ ਲਈ ਪੈਦਲ ਸਾਊਦੀ ਅਰਬ ਦੇ ਮੱਕਾ ਸ਼ਹਿਰ ਜਾ ਰਿਹਾ ਹੈ। ਉਸਮਾਨ ਇੱਕ ਛੋਟਾ ਜਿਹਾ ਬੈਗ ਅਤੇ ਛਤਰੀ ਲੈ ਕੇ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ। ਟ੍ਰੈਕਿੰਗ ਬੂਟ ਪਹਿਨੇ 25 ਸਾਲਾ ਵਿਦਿਆਰਥੀ ਦੀ ਯਾਤਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਓਕਾਰਾ ਤੋਂ ਸ਼ੁਰੂ ਹੋਈ। ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਤੱਕ ਪਹੁੰਚਣ ਲਈ ਉਸਮਾਨ ਨੂੰ ਪੰਜ ਦੇਸ਼ਾਂ ਵਿੱਚੋਂ ਲੰਘਣਾ ਹੋਵੇਗਾ ਅਤੇ ਲਗਭਗ 5400 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੋਵੇਗੀ।
ਅਰਬ ਨਿਊਜ਼ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਤੋਂ ਉਸਮਾਨ ਨੇ ਦੱਸਿਆ ਕਿ ਮੈਂ ਪਾਕਿਸਤਾਨ ਤੋਂ ਈਰਾਨ, ਈਰਾਨ ਤੋਂ ਇਰਾਕ, ਇਰਾਕ ਤੋਂ ਕੁਵੈਤ ਅਤੇ ਕੁਵੈਤ ਤੋਂ ਸਾਊਦੀ ਅਰਬ 'ਚ ਦਾਖਲ ਹੋਵਾਂਗਾ।' ਇਸ ਹਫ਼ਤੇ ਤੋਂ ਬਾਅਦ ਉਸਮਾਨ ਬਲੋਚਿਸਤਾਨ ਤੋਂ ਈਰਾਨ 'ਚ ਦਾਖਲ ਹੋਵੇਗਾ। ਉਸ ਨੂੰ ਆਪਣੀ ਯਾਤਰਾ ਪੂਰੀ ਕਰਨ ਵਿੱਚ ਅੱਠ ਮਹੀਨੇ ਲੱਗਣਗੇ। ਇਸ ਦਾ ਮਤਲਬ ਹੈ ਕਿ ਉਹ ਮਈ 'ਚ ਮੱਕਾ ਪਹੁੰਚ ਜਾਵੇਗਾ। ਉਸਨੇ ਪਿਛਲੇ ਸਾਲ ਪੈਦਲ ਮੱਕਾ ਜਾਣ ਬਾਰੇ ਸੋਚਿਆ ਜਦੋਂ ਉਸਨੇ ਓਕਾਰਾ ਤੋਂ ਚੀਨ ਸਰਹੱਦ 'ਤੇ ਖੁੰਜੇਰਾਬ ਦੱਰੇ ਤੱਕ 34 ਦਿਨਾਂ ਦੀ ਲੰਮੀ ਪੈਦਲ ਯਾਤਰਾ ਕੀਤੀ। ਉਸ ਨੇ 'ਪਾਕਿਸਤਾਨ ਵਿਚ ਸ਼ਾਂਤੀ' ਨੂੰ ਉਤਸ਼ਾਹਿਤ ਕਰਨ ਲਈ ਇਸ ਯਾਤਰਾ ਦੌਰਾਨ 1,270 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
مدینے جانے والو جاؤ جاؤ فی امان اللہ
— Usman Arshad (@usmanarshad63) October 24, 2022
کبھی تو اپنا بھی لگ جائے گا بستر مدینے میں#okaratomakkahbywalk #okaratomakkah #hajjbywalk #dreamjourney #UsmanArshad #UsmanArshadWalk #hajj #hajj2023 #pedalhajj #mecca #madinah #makkah #okara #Alhamdulillah pic.twitter.com/v0ppnVkLpT
ਨੌ ਮਹੀਨੇ 'ਚ ਕੀਤੀ ਤਿਆਰੀ
ਉਸਮਾਨ ਨੇ ਦੱਸਿਆ ਕਿ ਮੈਂ ਆਪਣੀ ਪਿਛਲੀ ਯਾਤਰਾ ਪੂਰੀ ਕਰਨ ਤੋਂ ਬਾਅਦ ਇਸ ਯਾਤਰਾ ਬਾਰੇ ਸੋਚਿਆ। ਮੈਂ ਸੋਚਿਆ ਕਿ ਜੇਕਰ ਮੈਂ ਪਾਕਿਸਤਾਨ ਵਿਚ ਇੰਨਾ ਜ਼ਿਆਦਾ ਪੈਦਲ ਜਾ ਸਕਦਾ ਹਾਂ, ਤਾਂ ਮੈਨੂੰ ਉਸ ਥਾਂ 'ਤੇ ਜਾਣਾ ਚਾਹੀਦਾ ਹੈ ਜਿੱਥੇ ਹਰ ਇਨਸਾਨ ਜਾਣਾ ਚਾਹੁੰਦਾ ਹੈ। ਉਸਮਾਨ ਨੇ ਕਿਹਾ ਕਿ ਉਸਨੇ ਇਸਨੂੰ ਆਪਣੇ ਸੁਪਨਿਆਂ ਦਾ ਸਫ਼ਰ ਬਣਾਇਆ ਅਤੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਮਾਨ ਨੇ ਤਿਆਰੀਆਂ ਕਰਨ ਵਿੱਚ ਨੌਂ ਮਹੀਨੇ ਦਾ ਸਮਾਂ ਲਿਆ ਅਤੇ ਯਾਤਰਾ ਦੇ ਖਰਚਿਆਂ ਲਈ ਆਪਣੇ ਪਰਿਵਾਰ ਦੀ ਮਦਦ ਨਾਲ 5 ਲੱਖ 59 ਹਜ਼ਾਰ ਰੁਪਏ ਇਕੱਠੇ ਕੀਤੇ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਦਸਤਾਵੇਜ਼ਾਂ ਅਤੇ ਵੀਜ਼ੇ ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕੀਤੀ।
ਇੱਕ ਦਿਨ ਵਿੱਚ ਤੁਰਦਾ ਹੈ 45 ਕਿਲੋਮੀਟਰ
ਅਰਸ਼ਦ ਨੇ ਦੱਸਿਆ ਕਿ ਉਹ ਇੱਕ ਦਿਨ ਵਿੱਚ 45 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਰਸਤੇ ਵਿੱਚ ਆਉਣ ਵਾਲੀਆਂ ਮਸਜਿਦਾਂ, ਮਦਰੱਸਿਆਂ ਅਤੇ ਲੋਕਾਂ ਦੇ ਘਰਾਂ ਵਿੱਚ ਰਾਤ ਕੱਟਦਾ ਹੈ। ਉਸ ਨੇ ਦੱਸਿਆ ਕਿ ਉਹ ਜਿੱਥੇ ਵੀ ਠਹਿਰਦਾ ਹੈ, ਲੋਕ ਉਸ ਦੀ ਯਾਤਰਾ ਬਾਰੇ ਸੁਣਦੇ ਹਨ, ਉਸ ਦਾ ਸਵਾਗਤ ਕਰਦੇ ਹਨ ਅਤੇ ਉਸ ਨੂੰ ਗਲੇ ਲਗਾਉਂਦੇ ਹਨ। ਅਰਸ਼ਦ ਨੇ ਕਿਹਾ ਕਿ ਸਾਨੂੰ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਪਾਕਿਸਤਾਨ ਵਿੱਚ ਸਾਡੇ ਸਾਰੇ ਲੋਕ ਬਹੁਤ ਪਿਆਰੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।