ਦੁਨੀਆ ਦਾ ਪਹਿਲਾ ਅਜਿਹਾ ਜੀਵ ਜੋ ਆਕਸੀਜਨ ਦੇ ਬਿਨਾਂ ਵੀ ਰਹਿ ਸਕਦੈ ਜ਼ਿੰਦਾ

02/26/2020 3:34:12 PM

ਨਿਊਯਾਰਕ- ਵਿਗਿਆਨੀਆਂ ਨੇ ਜੈਲੀਫਿਸ਼ ਜਿਹਾ ਦਿਖਣ ਵਾਲਾ ਅਜਿਹਾ ਜੀਵ ਖੋਜਿਆ ਹੈ ਜੋ ਸਾਹ ਨਹੀਂ ਲੈਂਦਾ। ਇਹ ਅਜਿਹਾ ਪਹਿਲਾ ਬਹੁ-ਸੈਲੀ ਜੀਵ ਹੈ, ਜਿਸ ਵਿਚ ਮਾਈਟੋਕੋਂਡ੍ਰੀਅਲ ਜੀਨੋਮ ਨਹੀਂ ਹੈ। ਇਹੀ ਕਾਰਨ ਹੈ ਕਿ ਜੀਵ ਨੂੰ ਜਿਉਂਦਾ ਰਹਿਣ ਲਈ ਆਕਸੀਜਨ ਦੀ ਲੋੜ ਨਹੀਂ ਹੈ। ਇਨਸਾਨਾਂ ਵਿਚ ਮੌਜੂਦ ਸਾਰੇ ਸੈਲਾਂ ਵਿਚ ਬਹੁਤ ਗਿਣਤੀ ਵਿਚ ਮਾਈਟੋਕੋਂਡ੍ਰੀਅਲ ਪਾਇਆ ਜਾਂਦਾ ਹੈ, ਜੋ ਸਾਹ ਲੈਣ ਦੀ ਪ੍ਰਕਿਰਿਆ ਦੇ ਲਈ ਬੇਹੱਦ ਅਹਿਮ ਹੈ।

ਇਸ ਨੂੰ ਇਜ਼ਰਾਇਲ ਦੀ ਤੇਲ-ਅਵੀਵ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਟੀਮ ਨੇ ਖੋਜਿਆ ਹੈ। ਇਸ ਦਾ ਵਿਗਿਆਨਕ ਨਾਂ ਹੇਨੀਗੁਯਾ ਸਾਲਮਿਨੀਕੋਲਾ ਹੈ। ਖੋਜ ਦੀ ਪ੍ਰਮੁੱਖ ਡਾਇਨਾ ਯਾਹਲੋਮੀ ਮੁਤਾਬਕ ਇਹ ਇਨਸਾਨਾਂ ਤੇ ਦੂਜੇ ਜੀਵਾਂ ਦੇ ਲਈ ਨੁਕਸਾਨਦਾਇਕ ਬਿਲਕੁੱਲ ਨਹੀਂ ਹੈ।

ਖੋਜਕਾਰ ਡੋਰੋਥੀ ਹਿਊਚਨ ਮੁਤਾਬਕ ਹੁਣ ਤੱਕ ਇਹ ਰਹੱਸ ਹੈ ਕਿ ਇਹ ਜੀਵ ਕਿਵੇਂ ਵਿਕਸਿਤ ਹੋਇਆ। ਇਹ ਸਾਲਮਨ ਫਿਸ਼ ਵਿਚ ਇਕ ਪਰਜੀਵੀ ਦੇ ਤੌਰ 'ਤੇ ਪਾਇਆ ਜਾਂਦਾ ਹੈ। ਮੱਛੀ ਤੋਂ ਊਰਜਾ ਪ੍ਰਾਪਤ ਕਰਦਾ ਹੈ ਪਰ ਬਿਨਾਂ ਉਸ ਨੂੰ ਨੁਕਸਾਨ ਪਹੁੰਚਾਏ। ਦੋਵਾਂ ਦੇ ਵਿਚਾਲੇ ਅਜਿਹਾ ਰਿਸ਼ਤਾ ਹੈ, ਜਿਸ ਵਿਚ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਜਦੋਂ ਤੱਕ ਮੱਛੀ ਜ਼ਿੰਦਾ ਰਹਿੰਦੀ ਹੈ ਇਹ ਵੀ ਉਦੋਂ ਤੱਕ ਹੀ ਜ਼ਿੰਦਾ ਰਹਿੰਦਾ ਹੈ।

ਜੀਵ 'ਤੇ ਰਿਸਰਚ ਦੌਰਾਨ ਵਿਗਿਆਨੀਆਂ ਨੇ ਇਸ ਨੂੰ ਫਲੋਰੇਸੇਂਟ ਮਾਈਕ੍ਰੋਸਕੋਪ ਨਾਲ ਦੇਖਿਆ। ਇਸ ਦੌਰਾਨ ਹਰੇ ਰੰਗ ਦੇ ਨਿਊਕਲਿਸ ਤਾਂ ਦਿਖੇ ਪਰ ਮਾਈਟੋਕੋਂਡ੍ਰੀਅਲ ਡੀ.ਐਨ.ਏ. ਨਹੀਂ ਦਿਖਿਆ। ਇਕ ਅਜਿਹਾ ਹੀ ਮਾਮਲਾ 2010 ਵਿਚ ਸਾਹਮਣੇ ਆਇਆ ਸੀ। ਇਟਲੀ ਦੀ ਪਾਲੀਟੈਕਨਿਕ ਯੂਨੀਵਰਸਿਟੀ ਦੇ ਖੋਜਕਾਰ ਰਾਬਰਟੋ ਡੇਨੋਵੋਰੋ ਨੇ ਇਸ ਨਾਲ ਮਿਲਦਾ-ਜੁਲਦਾ ਜੀਵ ਖੋਜਿਆ ਸੀ। ਜਦੋਂ ਮਾਈਕ੍ਰੋਸਕੋਪ ਨਾਲ ਉਸ ਨੂੰ ਦੇਖਿਆ ਗਿਆ ਤਾਂ ਸਾਫਤੌਰ 'ਤੇ ਮਾਈਟ੍ਰੋਕੋਂਡ੍ਰੀਆ ਨਹੀਂ ਦਿਖਾਈ ਦਿੱਤਾ ਪਰ ਰਿਸਰਚ ਦੌਰਾਨ ਪਤਾ ਲੱਗਿਆ ਕਿ ਉਹ ਗਹਿਰੇ ਸਮੁੰਦਰ ਵਿਚ ਸਾਲਾਂ ਤੱਕ ਰਹਿ ਸਕਦਾ ਹੈ। ਉਸ ਦੀ ਊਰਜਾ ਦਾ ਸਰੋਤ ਹਾਈਡ੍ਰੋਜਨ ਸਲਫਾਈਡ ਹੈ। ਜਦਕਿ ਨਵੇਂ ਮਿਲੇ ਜੀਵ ਨੂੰ ਹਾਈਡ੍ਰੋਜਨ ਸਲਫਾਈਡ ਦੀ ਲੋੜ ਨਹੀਂ ਹੈ।


Baljit Singh

Content Editor

Related News