ਭਾਖੜਾ ਨਹਿਰ ''ਚ ਧਾਰਮਿਕ ਸਮੱਗਰੀ ਜਲ ਪ੍ਰਵਾਹ ਕਰਦਿਆਂ ਲੱਖਾਂ ਦਾ ਸੋਨਾ ਵੀ ਰੋੜ੍ਹ ਬੈਠਾ ਪਰਿਵਾਰ
Monday, Jun 30, 2025 - 06:49 PM (IST)

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਰਾਜਪੁਰਾ ਰੋਡ 'ਤੇ ਸਥਿਤ ਗੰਢਾ ਖੇੜੀ ਭਾਖੜਾ ਨਹਿਰ ਵਿਚ ਇਕ ਪਰਿਵਾਰ ਕੋਲੋਂ ਗਲਤੀ ਨਾਲ ਲੱਖਾਂ ਰੁਪਏ ਦਾ ਸੋਨਾ ਜਲ ਪ੍ਰਵਾਹ ਹੋ ਗਿਆ। ਦਰਅਸਲ ਇਹ ਪਰਿਵਾਰ ਧਾਰਮਿਕ ਸਮੱਗਰੀ ਨੂੰ ਜਲ ਪ੍ਰਵਾਹ ਕਰਨ ਲਈ ਭਾਖੜਾ ਨਹਿਰ 'ਤੇ ਪਹੁੰਚਿਆ ਸੀ ਪਰ ਧਾਰਮਿਕ ਸਮੱਗਰੀ ਨੂੰ ਜਲ ਪ੍ਰਵਾਹ ਕਰਦਿਆਂ ਉਨ੍ਹਾਂ ਨਾਲ ਇਹ ਭਾਣਾ ਵਾਪਰ ਗਿਆ। ਦੱਸ ਦਈਏ ਕਿ ਇਸ ਪਰਿਵਾਰ ਦੀ ਗਲਤੀ ਕਰਕੇ ਲੱਖਾਂ ਰੁਪਏ ਦਾ ਸੋਨਾ ਜਲ ਪ੍ਰਵਾਹ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਗੋਤਾਖੋਰਾਂ ਦੀ ਟੀਮ ਨਾਲ ਸੰਪਰਕ ਕੀਤਾ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਹੁਣ ਭਾਖੜਾ ਨਹਿਰ ਗੰਢਾ ਖੇੜੀ ਉੱਪਰ ਗੋਤਾਖੋਰਾਂ ਦੀ ਟੀਮ ਸੋਨਾ ਲੱਭਣ ਲਈ ਸਰਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਇਕ ਹੋਰ ਵੱਡੀ ਕਾਰਵਾਈ, ਇਨ੍ਹਾਂ ਵੱਡੇ ਅਫ਼ਸਰਾਂ 'ਤੇ ਹੋ ਗਿਆ ਐਕਸ਼ਨ
ਇਸ ਘਟਨਾ ਤੋਂ ਬਾਅਦ ਪਰਿਵਾਰ ਕਾਫੀ ਨਿਰਾਸ਼ ਹੈ। ਪਰਿਵਾਰ ਦਾ ਲੱਖਾਂ ਰੁਪਏ ਦਾ ਸੋਨਾ ਇਕ ਛੋਟੀ ਜਿਹੀ ਗਲਤੀ ਕਰਕੇ ਜਲ ਪ੍ਰਵਾਹ ਹੋ ਗਿਆ ਜਿਸ ਨੂੰ ਲੱਭਣ ਲਈ ਪਰਿਵਾਰ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ। ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ, ਉਥੋਂ ਸੋਨਾ ਲੈ ਕੇ ਉਹ ਵਾਪਰ ਘਰ ਆ ਰਹੇ ਸੀ। ਨਹਿਰ ਵਿਚ ਧਾਰਮਿਕ ਸਮੱਗਰੀ ਨੂੰ ਜਲ ਪ੍ਰਵਾਹ ਕਰਨੀ ਸੀ, ਇਸ ਦੌਰਾਨ ਬੱਚੇ ਕੋਲੋਂ ਗਲ਼ਤੀ ਨਾਲ ਉਹ ਬੈਗ ਵੀ ਨਹਿਰ ਵਿਚ ਰੁੜ ਗਿਆ ਜਿਸ ਵਿਚ ਕੀਮਤੀ ਸਮਾਨ ਸੀ।
ਦੂਜੇ ਪਾਸੇ ਗੋਤਾ ਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਕਿਹਾ ਕਿ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਪਰਿਵਾਰ ਨੂੰ ਉਨ੍ਹਾਂ ਦਾ ਕੀਮਤੀ ਸਮਾਨ ਮਿਲ ਸਕੇ ਕਿਉਂਕਿ ਪਰਿਵਾਰ ਕਾਫੀ ਦੁਖੀ ਹੈ। ਲੱਖਾਂ ਰੁਪਏ ਦਾ ਸੋਨਾ ਪਾਣੀ ਵਿਚ ਡਿੱਗ ਗਿਆ ਹੈ ਜਿਸ ਨੂੰ ਲੱਭਣ ਲਈ ਅਸੀਂ ਹਰ ਸੰਭਵ ਯਤਨ ਕਰ ਰਹੇ ਹਾਂ। ਪਾਣੀ ਗੰਦਾ ਅਤੇ ਤੇਜ਼ ਵਹਾਅ ਹੋਣ ਕਾਰਨ ਗੋਤਾਖੋਰਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ।