ਪੰਜਾਬ ਦੇ ਇਸ ਜ਼ਿਲ੍ਹੇ ''ਚ ਚੀਤੇ ਦੀ ਆਮਦ, ਲੋਕਾਂ ''ਚ ਬਣਿਆ ਦਹਿਸ਼ਤ ਦਾ ਮਾਹੌਲ
Friday, Jul 04, 2025 - 10:41 AM (IST)

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਬਲਾਕ ਅਧੀਨ ਪੈਂਦੇ ਪਿੰਡਾਂ ਜਾਫਲਪੁਰ ਅਤੇ ਜਾਗੋਵਾਲ ਬਾਂਗਰ ਦੇ ਛੰਭ ਖੇਤਰ ਵਿਚ ਇਕ ਜੰਗਲੀ ਚੀਤੇ ਦੀ ਆਮਦ ਨੇ ਇਲਾਕੇ ਦੇ ਕਿਸਾਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਜਾਫਲਪੁਰ ਅਤੇ ਜਾਗੋਵਾਲ ਬਾਂਗਰ ਸਮੇਤ ਰਊਵਾਲ, ਕੀੜੀ ਅਫਗਾਨਾ, ਭੱਟੀਆਂ ਆਦਿ ਪਿੰਡਾਂ ਦੇ ਬੇਟ ਖੇਤਰ ਵਿਚ ਸੰਘਣੇ ਜੰਗਲ ਅਤੇ ਗੰਨੇ ਦੀ ਵੱਡੇ ਪੱਧਰ 'ਤੇ ਖੇਤੀ ਕਾਰਨ ਜੰਗਲੀ ਜੀਵਾਂ ਦੀ ਬਹੁਤ ਆਵਾਜਾਈ ਰਹਿੰਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਪਿੰਡ ਜਾਗੋਵਾਲ ਬਾਂਗਰ ਦੇ ਕਿਸਾਨ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਖਾਦ ਪਾਉਣ ਲਈ ਗਿਆ ਸੀ, ਜਦੋਂ ਉਸ ਨੇ ਕਿਸੇ ਵੱਡੇ ਜੰਗਲੀ ਜੀਵ ਦੇ ਅਜੀਬ ਪੈਰਾਂ ਦੇ ਨਿਸ਼ਾਨ ਦੇਖੇ। ਉਸ ਨੇ ਤੁਰੰਤ ਇਨ੍ਹਾਂ ਨਿਸ਼ਾਨਾਂ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਲਈਆਂ। ਕੁਝ ਦਿਨ ਪਹਿਲਾਂ ਹੀ ਗੁਆਂਢੀ ਪਿੰਡ ਕੋਟਲੀ ਹਰਚੰਦਾਂ ਦੇ ਕਿਸਾਨ ਕਾਲਾ ਠਾਕਰ ਨੇ ਵੀ ਆਪਣੇ ਪਿੰਡ ਵਿੱਚ ਚੀਤੇ ਦੀ ਆਮਦ ਦੀ ਸੂਚਨਾ ਦਿੱਤੀ ਸੀ। ਸਤਪਾਲ ਸਿੰਘ ਵੱਲੋਂ ਭੇਜੀਆਂ ਤਸਵੀਰਾਂ ਦੇਖ ਕੇ ਕਾਲਾ ਠਾਕਰ ਨੇ ਪੁਸ਼ਟੀ ਕੀਤੀ ਕਿ ਇਹ ਚੀਤੇ ਦੇ ਪੈਰਾਂ ਦੇ ਨਿਸ਼ਾਨ ਜਾਪਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮਿੰਨੀ ਗੋਆ 'ਤੇ ਮੱਚ ਗਈ ਹਫ਼ੜਾ-ਦਫ਼ੜੀ, ਅਚਾਨਕ ਕਿਸ਼ਤੀ ਨੂੰ ਲੱਗੀ ਅੱਗ
ਕਿਸਾਨ ਕਾਲਾ ਠਾਕਰ ਨੇ ਇਹ ਸਾਰੀ ਜਾਣਕਾਰੀ ਜੰਗਲੀ ਜੀਵ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਵਿਭਾਗ ਨੇ ਵੀ ਇਨ੍ਹਾਂ ਨਿਸ਼ਾਨਾਂ ਨੂੰ ਚੀਤੇ, ਤੇਂਦੂਏ ਜਾਂ ਬਾਘ ਵਰਗੇ ਜਾਨਵਰ ਦੇ ਹੋਣ ਦੀ ਪੁਸ਼ਟੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜੰਗਲੀ ਜਾਨਵਰ ਦਿਨ ਵੇਲੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਲਈ ਅਤੇ ਰਾਤ ਨੂੰ ਘਰਾਂ ਦੇ ਬਾਹਰ ਬੰਨ੍ਹੇ ਪਸ਼ੂਆਂ ਲਈ ਖ਼ਤਰਾ ਬਣ ਸਕਦਾ ਹੈ। ਖੇਤਰ ਵਿਚ ਵੱਡੀ ਗਿਣਤੀ ਵਿਚ ਗੁੱਜਰਾਂ ਦੇ ਡੇਰੇ ਵੀ ਹਨ, ਜਿਨ੍ਹਾਂ ਦੇ ਪਾਲਤੂ ਪਸ਼ੂ ਜਿਵੇਂ ਕਿ ਬੱਕਰੀਆਂ, ਭੇਡਾਂ ਅਤੇ ਮੱਝਾਂ-ਗਾਵਾਂ ਦੇ ਬੱਚੇ ਆਸਾਨੀ ਨਾਲ ਇਸ ਦਾ ਸ਼ਿਕਾਰ ਬਣ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ ਅੱਧਾ ਹਿੱਸਾ
ਇਸ ਸਬੰਧੀ ਕਾਹਨੂੰਵਾਨ ਖੇਤਰ ਦੇ ਜੰਗਲੀ ਜੀਵ ਸੁਰੱਖਿਆ ਅਧਿਕਾਰੀ ਅਮਰਬੀਰ ਸਿੰਘ ਪੰਨੂ ਨੇ ਦੱਸਿਆ ਕਿ ਚੀਤੇ ਦੀ ਆਮਦ ਬਾਰੇ ਪਹਿਲਾਂ ਵੀ ਖ਼ਬਰ ਆ ਚੁੱਕੀ ਹੈ ਅਤੇ ਉਸ ਸਮੇਂ ਕੋਟਲੀ ਹਰਚੰਦਾਂ ਦਾ ਦੌਰਾ ਕੀਤਾ ਗਿਆ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਹੁਣ ਜਾਗੋਵਾਲ ਬਾਂਗਰ ਵਿਚ ਵੀ ਚੀਤੇ ਵਰਗੇ ਜਾਨਵਰ ਦੇ ਹੋਣ ਦਾ ਖਦਸ਼ਾ ਹੈ। ਵਿਭਾਗ ਵੱਲੋਂ ਇਸ ਸ਼ੱਕੀ ਜਾਨਵਰ ਨੂੰ ਫੜਨ ਲਈ ਖੇਤਾਂ ਵਿਚ ਇੱਕ ਵੱਡਾ ਪਿੰਜਰਾ ਲਗਾ ਦਿੱਤਾ ਗਿਆ ਹੈ ਤਾਂ ਜੋ ਇਸਨੂੰ ਕਾਬੂ ਕਰ ਕੇ ਸੁਰੱਖਿਅਤ ਥਾਂ 'ਤੇ ਭੇਜਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8