ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਦੁਨੀਆ ਦੇ ਹਰ ਕੋਨੇ ''ਚ ਪਹੁੰਚਾਇਆ
Friday, Jul 04, 2025 - 06:09 PM (IST)

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਤੋਂ ਪ੍ਰਧਾਨ ਵਜੋਂ ਸੇਵਾ ਸੰਭਾਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ’ਚ ਸੁਧਾਰ ਕਰਨ ਸਮੇਤ ਸਿੱਖੀ ਦੇ ਪ੍ਰਚਾਰ ਤੇ ਪਸਾਰ ਦੀ ਮੁਹਿੰਮ ਨੂੰ ਵੀ ਦੁਨੀਆ ਦੇ ਕੋਨੇ ਤੱਕ ਪਹੁੰਚਾਉਣ ’ਚ ਕਸਰ ਨਹੀਂ ਛੱਡੀ ਜਿਸ ਕਾਰਨ ਧਰਮ ਤਬਦੀਲੀ, ਨਸ਼ਿਆਂ ਤੇ ਪਤਿਤਪੁਣੇ ਨੂੰ ਵੱਡੀ ਪੱਧਰ ’ਤੇ ਠੱਲ ਪਈ ਹੈ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ’ਤੇ ਐਡਵੋਕੇਟ ਧਾਮੀ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਦੇਸ਼ ਵਿਦੇਸ਼ ’ਚ ਸਿੱਖਾਂ ਨੂੰ ਆ ਰਹੀਆ ਦਰਪੇਸ਼ ਮੁਸ਼ਕਲਾਂ ਹੱਲ ਕਰਵਾਉਣ ਸਮੇਤ ਪੰਥ ਦੇ ਕਈ ਚਿਰਾਂ ਤੋਂ ਲਟਕਦੇ ਆ ਰਹੇ ਅਹਿਮ ਮਸਲੇ ਵੀ ਸੁਲਝਾਏ ਹਨ। ਹਰੇਕ ਔਕੜ ਦਾ ਹੱਲ ਕੱਢਣ ’ਚ ਮਾਹਿਰ ਐਡਵੋਕੇਟ ਧਾਮੀ ਦੀ ਇਮਾਨਦਾਰੀ ਤੇ ਸਾਦਗੀ ਨੂੰ ਦੇਖ ਕੇ ਕਈ ਵਾਰ ਵਿਰੋਧੀਆਂ ਨੂੰ ਵੀ ਉਨ੍ਹਾਂ ਦੀਆਂ ਤਾਰੀਫਾਂ ਕਰਦੇ ਹੋਏ ਦੇਖਿਆ ਗਿਆ ਹੈ ਤੇ ਸ਼ਾਇਦ ਇਹ ਵੀ ਮੁੱਖ ਕਾਰਨ ਹੈ ਕਿ ਉਹ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ’ਤੇ ਸਫਲਤਾ ਪੂਰਵਕ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਉਂਦੇ ਹੋਏ ਹਰ ਪਾਸੇ ਸੋਭਾ ਖੱਟ ਰਹੇ ਹਨ।
ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਕਈ ਦਹਾਕਿਆਂ ਤੋਂ ਭਾਰਤ ਦੀਆ ਵੱਖ-ਵੱਖ ਜੇਲਾਂ ’ਚ ਡੱਕੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਲਈ ਐਡਵੋਕੇਟ ਧਾਮੀ ਹੁਣ ਤੱਕ ਸਭ ਤੋਂ ਵੱਧ ਸੰਜੀਦੀਗੀ ਨਾਲ ਯਤਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਬਤ ਹੋਏ ਹਨ ਜਿਨ੍ਹਾਂ ਵੱਲੋਂ ਸਿੱਖ ਸੰਗਤਾਂ ਕੋਲੋਂ 26 ਲੱਖ ਫਾਰਮ ਭਰਵਾ ਕੇ ਕੇਂਦਰ ਸਰਕਾਰ ਰਾਹੀਂ ਰਾਸ਼ਟਰਪਤੀ ਤੱਕ ਪਹੁੰਚਾਏ ਗਏ ਹਨ। ਸ਼੍ਰੋਮਣੀ ਕਮੇਟੀ ਖਿਲਾਫ ਭੰਡੀ ਪ੍ਰਚਾਰ ਕਰਨ ਦੇ ਆਏ ਦਿਨ ਬਹਾਨੇ ਭਾਲਣ ਵਾਲੇ ਕੁਝ ਵਿਰੋਧੀ ਵੀ ਪ੍ਰਧਾਨ ਐਡਵੋਕੇਟ ਧਾਮੀ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਮੁੱਦਾਹੀਣ ਹੋ ਗਏ ਹਨ। ਸਿੱਖ ਕੋਮ ਦੀ ਸਤਿਕਾਰਤ ਸ਼ਖਸੀਅਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੂਰ ਅੰਦੇਸ਼ੀ ਸੋਚ ਤੇ ਲਿਆਕਤ ਸਦਕਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ’ਚ ਸੁਧਾਰ ਕਰਨ, ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ, ਮਨੁੱਖਤਾ ਦੇ ਭਲੇ ਤੇ ਬੰਦੀ ਸਿੰਘਾ ਦੀ ਰਿਹਾਈ ਸਮੇਤ ਸਿੱਖ ਕੋਮ ਦੀ ਚੜਦੀ ਕਲਾ ਵਾਸਤੇ ਕੀਤੇ ਜਾ ਰਹੇ ਬੇਮਿਸਾਲ ਕਾਰਜ ਇਤਿਹਾਸ ਦੇ ਪੰਨਿਆ ’ਤੇ ਸੁਨਿਹਰੀ ਅੱਖਰਾਂ ’ਚ ਲਿਖੇ ਜਾਣਗੇ।