ਇਟਲੀ ਦੇ ਗੁਰਦੁਆਰਾ ਸਾਹਿਬ ''ਚ ਦੋ ਗੁੱਟਾਂ ਦੀ ਜ਼ਬਰਦਸਤ ਲੜਾਈ, ਦੋ ਸਿੰਘ ਗੰਭੀਰ ਜ਼ਖ਼ਮੀ
Wednesday, Apr 23, 2025 - 04:09 PM (IST)

ਰੋਮ (ਦਲਵੀਰ ਸਿੰਘ ਕੈਂਥ)- ਬੀਤੇ ਦਿਨੀ ਉੱਤਰੀ ਇਟਲੀ ਦੇ ਇੱਕ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰੇਮੋਨਾ) ਵਿਖੇ ਦੋ ਗੁਟਾਂ ਦੀ ਆਪਸੀ ਲੜਾਈ ਦੀ ਮੰਦਭਾਗੀ ਘਟਨਾ ਵਾਪਰੀ। ਜਿਸ ਵਿਚ ਦੋਵੇਂ ਹੀ ਧਿਰਾਂ ਦੇ ਸੱਟਾਂ ਲੱਗੀਆਂ ਅਤੇ ਮਾਮਲਾ ਪੁਲਸ ਦੀ ਜਾਂਚ ਅਧੀਨ ਹੈ ਜਿਸ ਨੇ ਇੱਕ ਕਿਰਪਾਨ ਤੇ ਇੱਕ ਸਿਰੀ ਸਾਹਿਬ ਘਟਨਾ ਸਥਾਨ ਤੋਂ ਕਬਜ਼ੇ ਵਿੱਚ ਲਈ ਹੈ। ਪ੍ਰੈੱਸ ਨੂੰ ਗੰਭੀਰ ਜ਼ਖ਼ਮੀ ਹੋਕੇ ਹਸਪਤਾਲ ਪਹੁੰਚੇ ਅੰਮ੍ਰਿਤਧਾਰੀ ਸਿੰਘ ਭਾਈ ਰਜਿੰਦਰ ਸਿੰਘ ਨੇ ਭੇਜੀ ਜਾਣਕਾਰੀ 'ਚ ਕਿਹਾ ਕਿ ਗੁਰਪਰਬ ਦੇ ਮੱਦੇਨਜ਼ਰ ਸੇਵਾ ਕਰਨ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਸਨ। ਉਹਨਾਂ ਨੂੰ ਨਹੀਂ ਪਤਾ ਕਿਉਂ ਕਮੇਟੀ ਨੇ ਆਪਣੇ ਰਿਸ਼ਤੇਦਾਰ ਹਥਿਆਰਾਂ ਸਮੇਤ ਬੁਲਾਏ।
ਉਹਨਾਂ ਦੀ ਗੱਡੀ ਨੂੰ ਜਾਣ ਬੁੱਝ ਕੇ ਰੋਕਿਆ ਗਿਆ ਤੇ ਇੱਕ ਬੀਬੀ ਜਿਹੜੀ ਵੀਡਿਓ ਬਣਾ ਰਹੀ ਸੀ ਕਮੇਟੀ ਦੇ ਬੰਦੇ ਉਸ ਦੇ ਗਲ ਪੈ ਗਏ ਤੇ ਜਦੋਂ ਉਹ ਲੜਾਈ ਛੁਡਾਉਣ ਲਈ ਅੱਗੇ ਗਏ ਤਾਂ ਉਸਦੇ ਸਿਰ ਵਿੱਚ ਕਿਰਪਾਨ ਮਾਰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਵਿੱਚ ਉਸ ਦੇ ਪਰਿਵਾਰ ਨਾਲ ਵੀ ਦੁਰਵਿਵਹਾਰ ਕੀਤਾ ਗਿਆ। ਉਸ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ ਜਿਸ ਲਈ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਦੋਸ਼ੀ ਹੈ। ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਤੇ ਸਮੂਹ ਮੈਂਬਰਾਂ ਨੇ ਪ੍ਰੈੱਸ ਨੂੰ ਦੱਸਿਆ ਕਿ 6 ਅਪ੍ਰੈਲ 2025 ਨੂੰ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 30 ਪ੍ਰਾਣੀ ਗੁਰੂ ਵਾਲੇ ਬਣੇ ਪਰ ਇਸ ਮੌਕੇ ਕੁਝ ਬੰਦੇ ਕੈਂਚੀਆਂ ਤੇ ਟੋਪੀਆਂ ਨਾਲ ਗੁਰਦੁਆਰਾ ਸਾਹਿਬ ਦੇ ਮੁਹਰੇ ਪ੍ਰਦਰਸ਼ਨ ਕਰ ਰਹੇ ਸਨ। ਇਸ ਕਾਰਵਾਈ ਸਬੰਧੀ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨ ਪੁੱਛਗਿੱਛ ਕੀਤੀ ਤਾਂ ਉਹਨਾਂ ਲੋਕਾਂ ਵਿੱਚੋਂ ਬੀਬੀਆਂ ਨੇ ਅਪਸਬਦ ਬੋਲੇ ਜਿਸ ਕਾਰਨ ਲੜਾਈ ਸ਼ੁਰੂ ਹੋ ਗਈ। ਜਦੋਂ ਇਸ ਲੜਾਈ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਕਮੇਟੀ ਮੈਂਬਰ ਦੇ ਢਿੱਡ ਵਿੱਚ ਸਿਰੀ ਸਾਹਿਬ ਨਾਲ 2 ਵਾਰ ਜ਼ਖ਼ਮ ਕਰ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬ ਹੋਈ ਇਸ ਘਟਨਾ ਦਾ ਬੇਹੱਦ ਦੁੱਖ ਹੈ ਤੇ ਉਹ ਸਖ਼ਤ ਸ਼ਬਦਾਂ ਵਿੱਚ ਘਟਨਾ ਦੀ ਨਿਖੇਧੀ ਕਰਦੀ ਹੈ। ਬਾਕੀ ਪੁਲਸ ਨੇ ਮੌਕੇ 'ਤੇ ਇੱਕ ਸਾਢੇ ਤਿੰਨ ਫੁੱਟ ਲੰਬੀ ਕਿਰਪਾਨ ਤੇ ਇੱਕ ਸਿਰੀ ਸਾਹਿਬ ਕਾਬੂ ਕੀਤੀ ਹੈ। ਹੁਣ ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕੁਝ ਮਹੀਨੇ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਸੀ ਜਿਸ ਵਿੱਚ ਕੇਸਾਂ ਦੀ ਚਿੱਟੇ ਦਿਨ ਬੇਅਦਬੀ ਹੋਈ ਸੀ। ਹੁਣ ਫਿਰ ਇਹ ਘਟਨਾ ਚਿੰਤਾ ਦਾ ਵੱਡਾ ਵਿਸ਼ਾ ਹੈ। ਇੱਥੇ ਗੱਲ ਸਿਰਫ ਆਪਸੀ ਲੜਾਈ ਦੀ ਨਹੀਂ ਹੈ। ਇਹਨਾਂ ਲੜਾਈਆਂ ਨਾਲ ਇਟਲੀ ਵਿੱਚ ਸਿੱਖ ਸਮਾਜ ਅਤੇ ਸਿੱਖ ਧਰਮ ਦੋਵਾਂ ਦਾ ਹੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਸਿੱਖ ਸੰਸਥਾਵਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਅਜਿਹੀਆਂ ਅਣਸੁਖਾਵੀਂਆਂ ਘਟਨਾਵਾਂ ਮਹਾਨ ਸਿੱਖ ਧਰਮ ਨੂੰ ਰਜਿਸਟਰ ਹੋਣ ਦੇ ਰਾਹ ਵਿੱਚ ਵੱਡਾ ਰੋੜਾ ਬਣ ਰਹੀਆਂ ਹਨ।
ਸਿੱਖ ਸੰਗਤ ਨੂੰ ਇਹਨਾਂ ਲੜਾਈਆਂ ਤੋਂ ਉੱਪਰ ਉੱਠ ਕੇ ਆਪਣੇ ਨਿੱਜੀ ਹਿੱਤਾਂ ਦੀ ਬਜਾਏ ਸਾਰੀ ਕੌਮ ਦੇ ਹਿੱਤਾਂ ਬਾਰੇ ਸੋਚਣ ਦੀ ਅਹਿਮ ਲੋੜ ਹੈ ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਬੈਠ ਕੇ ਹੋ ਸਕਦਾ ਹੈ ਨਾਕਿ ਹਿੰਸਾ ਨਾਲ ਇੱਕ ਦੂਜੇ ਦੀਆਂ ਦਸਤਾਰਾਂ ਰੋਲ ਕੇ ਕੇਸਾਂ ਦੀ ਬੇਅਦਬੀ ਕਰਕੇ। ਅਜਿਹੀਆਂ ਅਣਸੁਖਾਵੀਂਆਂ ਘਟਨਾਵਾਂ ਜਿੱਥੇ ਸਾਰੇ ਲੋਕਾਂ ਦੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਉੱਥੇ ਹੀ ਪ੍ਰਸ਼ਾਸਨਿਕ ਕੰਮਾਂ ਵਿੱਚ ਵੀ ਅੜਿੱਕਾ ਬਣਦੀਆਂ ਹਨ। ਇਸ ਘਟਨਾ 'ਤੇ ਗੁਰਦੁਆਰਾ ਸਾਹਿਬ ਸ਼ਹੀਦਾਂ ਚਾਰ ਸਾਹਿਬਜ਼ਾਦੇ ਲੋਧੀ ਦੀ ਪ੍ਰਬੰਧਕ ਕਮੇਟੀ ਦੇ ਆਗੂ ਭਾਈ ਜਸਪਾਲ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਆਗੂਆਂ ਤੋਂ ਗਿਆਨੀ ਰਜਿੰਦਰ ਸਿੰਘ ਤੇ ਉਸ ਦੇ ਮਾਸੂਮ ਬੱਚਿਆਂ ਨਾਲ ਹੋਏ ਦੁਰਵਿਵਹਾਰ ਤੇ ਕੇਸਾਂ ਦੀ ਬੇਅਦਬੀ ਦੇ ਲਈ ਕਸੂਰਵਾਰਾਂ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।