ਪੰਜਾਬ ਦੀ ਧੀ ਸਿਮਰਨ ਸਿੰਘ ਨੇ ਵਧਾਇਆ ਮਾਣ, ਇਟਲੀ ''ਚ ਹਾਸਲ ਕੀਤੀ ਇਹ ਉਪਲਬਧੀ
Sunday, Aug 03, 2025 - 09:57 AM (IST)

ਤੋਰੀਨੋ (ਦਲਵੀਰ ਸਿੰਘ ਕੈਂਥ)- ਇਟਲੀ ਦੇ ਭਾਰਤੀ ਭਾਈਚਾਰੇ ਦੀਆਂ ਪੰਜਾਬਣ ਮੁਟਿਆਰਾਂ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੇ ਨਗਾਰੇ ਵਜਾਉਦਿਆਂ ਜਿਸ ਸ਼ਿੱਦਤ ਤੇ ਲਗਨ ਨਾਲ ਨਵਾਂ ਇਤਿਹਾਸ ਸਿਰਜ ਰਹੀਆਂ ਹਨ, ਉਸ ਮੁਕਾਮ 'ਤੇ ਪਹੁੰਚਣ ਲਈ ਇਹਨਾਂ ਧੀਆਂ ਨੂੰ ਚੁਫੇਰਿਓ ਸਲੂਟ ਵੱਜ ਰਹੇ ਹਨ। ਭਾਈਚਾਰੇ ਨੂੰ ਮਾਣ ਸਤਿਕਾਰ ਦਿਵਾਉਣ ਵਿੱਚ ਇਸ ਵਾਰ ਚਰਚਾ ਵਿੱਚ ਹੈ ਇਟਲੀ ਦੇ ਤੋਰੀਨੋ ਜ਼ਿਲ੍ਹੇ ਵਿੱਚ ਪਿੰਡ ਪੰਕਾਲਏਰੀ ਵਿੱਚ ਰਹਿੰਦੇ ਪਰਿਵਾਰ ਦੀ ਹੋਣਹਾਰ ਧੀ ਸਿਮਰਨ ਸਿੰਘ ਗਿੱਲ। ਗਿੱਲ ਨੇ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਧੀ ਰਾਣੀ ਨੇ ਯੂਨੀਵਰਸਿਟੀ ਪੌਲੀਟੈਕਨੋ ਦੀ ਤੋਰੀਨੋ ਤੋਂ ਇੰਟਰਨੈਸ਼ਨਲ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚੋਂ 110 ਵਿੱਚੋਂ 110 ਅੰਕ ਪ੍ਰਾਪਤ ਕਰਕੇ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜਦਿਆਂ ਪੰਜ ਸਾਲ ਦੀ ਮਾਸਟਰ ਡਿਗਰੀ ਹਾਸਲ ਕੀਤੀ।
ਯੂਨੀਵਰਸਿਟੀ ਦੇ ਸਟਾਫ ਵਲੋਂ ਵੀ ਇਸ ਪੰਜਾਬਣ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ ਗਈ ਹੈ। ਸਿਮਰਨ ਗਿੱਲ ਦਾ ਪਰਿਵਾਰ ਪੰਜਾਬ ਦੇ ਜਿਲ੍ਹਾ ਰੋਪੜ ਤੇ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਝੱਲੀਆਂ ਕਲਾਂ ਨਾਲ ਸਬੰਧਿਤ ਹੈ। ਪਿਤਾ ਜਗਰੂਪ ਸਿੰਘ ਗਿੱਲ ਤੇ ਮਾਤਾ ਕਮਲਜੀਤ ਕੌਰ ਦੀ ਲਾਡਾਂ ਨਾਲ ਪਾਲੀ ਹੋਣਹਾਰ ਧੀ ਨੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਉੱਥੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰਕੇ ਇਹ ਸਾਬਤ ਕਰ ਦਿਖਾਇਆ ਕਿ ਮਿਹਨਤ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ। ਪ੍ਰੈੱਸ ਨਾਲ ਧੀ ਦੀ ਕਾਮਯਾਬੀ ਦਾ ਖੁਲਾਸਾ ਬੀਬੀ ਕਮਲਜੀਤ ਕੌਰ ਨੇ ਕਰਦਿਆਂ ਦੱਸਿਆ ਕਿ ਸਿਮਰਨ ਗਿੱਲ ਨੇ ਅਪਣੀ ਮੁਢਲੀ ਪੜ੍ਹਾਈ ਪਿੰਡ ਪੰਕਾਲਏਰੀ ਤੋਂ ਸੁਰੂ ਕਰਕੇ ਅੱਠਵੀ ਤੱਕ ਦੀ ਪੜ੍ਹਾਈ ਕਸਬਾ ਕਰਮਾਲਈਓਨਾ ਦੇ ਸਕੂਲ ਤੋਂ ਪੂਰੀ ਕੀਤੀ। ਉਪਰੰਤ ਯੂਨੀਵਰਸਿਟੀ ਪੌਲੀਟੈਕਨੋ ਦੀ ਤੋਰੀਨੋ ਤੋ ਇੰਟਰਨੈਸ਼ਨਲ ਕੰਪਿਊਟਰ ਇੰਜੀਨੀਅਰਿੰਗ ਦਾ ਪੰਜ ਸਾਲਾਂ ਡਿਗਰੀ ਕੋਰਸ ਵਿੱਚ ਦਾਖਲਾ ਲਿਆ ਸੀ। ਬਹੁਤ ਮਿਹਨਤ ਤੇ ਲਗਨ ਨਾਲ ਜਿਸ ਵਿੱਚ ਬੀਤੇ ਦਿਨੀਂ ਉਸਨੇ ਪਹਿਲੇ ਦਰਜੇ 'ਤੇ ਰਹਿ ਕੇ ਅੱਵਲ ਦਰਜੇ ਦੀ ਇਹ ਪੰਜ ਸਾਲਾਂ ਮਾਸਟਰ ਡਿਗਰੀ ਪ੍ਰਾਪਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ deport ਹੋਏ 1700 ਤੋਂ ਵਧੇਰੇ ਭਾਰਤੀ, ਵੱਡੀ ਗਿਣਤੀ 'ਚ ਪੰਜਾਬੀ
ਪੰਜਾਬਣ ਸਿਮਰਨ ਗਿੱਲ ਨੇ ਦੱਸਿਆ ਕਿ ਜਦੋਂ ਉਸ ਦਾ ਨਾਮ ਨਾਲ ਲਿਆ ਗਿਆ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ। ਉਹ ਇਸ ਪ੍ਰਾਪਤੀ ਲਈ ਪਰਮਾਤਮਾ ਅਤੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦੀ ਹੈ। ਜਿਨ੍ਹਾਂ ਨੇ ਹਮੇਸ਼ਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ। ਦੂਜੇ ਪਾਸੇ ਇਹਨੀਂ ਦਿਨੀਂ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਸਕੇ ਸਬੰਧੀਆਂ, ਸਨੇਹੀਆਂ ਅਤੇ ਦੋਸਤਾਂ ਦਾ ਤਾਂਤਾ ਲੱਗਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਿਮਰਨ ਸਿੰਘ (ਕੌਰ) ਗਿੱਲ ਪੰਜਾਬਣ ਮੁਟਿਆਰ ਨੇ ਇਟਲੀ ਦੇ ਭਾਰਤੀ ਭਾਈਚਾਰੇ ਦੇ ਬੱਚਿਆਂ ਦੇ ਮਾਪਿਆਂ ਨੂੰ ਸਨੇਹਾਂ ਦਿੰਦਿਆਂ ਕਿਹਾ ਕਿ ਮੁੰਡਿਆਂ ਵਾਂਗ ਕੁੜੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਜ਼ਰੂਰ ਦਿਓ ਕਿਉਂਕਿ ਇਸ ਧਰਤੀ 'ਤੇ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਦੇਸ਼ਾਂ ਵਿੱਚ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀ ਕਰਦਾ। ਇੱਥੇ ਹਰ ਖੇਤਰ ਵਿੱਚ ਕੁੜੀਆਂ ਅਪਣੇ ਦੇਸ਼ ਤੇ ਅਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਆ ਰਹੀਆਂ ਹਨ। ਕਿਉਂਕਿ ਕੋਈ ਵੀ ਬੱਚਾ ਆਪਣੇ ਮਾਪਿਆਂ ਦੇ ਸਹਿਯੋਗ ਤੇ ਹੌਂਸਲੇ ਤੋਂ ਬਿਨਾਂ ਅੱਗੇ ਨਹੀਂ ਵਧ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।