ਇਟਲੀ ''ਚ ਦੂਜੀ ਸੰਸਾਰ ਜੰਗ ''ਚ ਸ਼ਹੀਦ ਸਿੱਖ ਫੌਜੀਆਂ ਦਾ ਸ਼ਹੀਦੀ ਸਮਾਗਮ 26 ਜੁਲਾਈ ਨੂੰ
Monday, Jul 21, 2025 - 10:02 AM (IST)

ਫੌਰਲੀ, ਇਟਲੀ (ਦਲਵੀਰ ਸਿੰਘ ਕੈਂਥ)- ਦੂਜੀ ਸੰਸਾਰ ਜੰਗ ਦੌਰਾਨ ਇਟਲੀ ਨੂੰ ਨਾਜ਼ੀਵਾਦੀ ਅਤੇ ਫਾਸੀਵਾਦੀ ਤਾਕਤਾਂ ਤੋਂ ਆਜ਼ਾਦ ਕਰਵਾਉਣ ਲਈ ਬ੍ਰਿਟਿਸ਼ ਫੌਜ ਰਾਹੀਂ ਇੰਡੀਆ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਸਿੱਖ ਫੌਜੀ ਇਸ ਧਰਤੀ 'ਤੇ ਆਏ ਅਤੇ ਉਨ੍ਹਾਂ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਇਸ ਧਰਤੀ ਨੂੰ ਆਜ਼ਾਦ ਕਰਵਾਉਣ ਲਈ ਉਨ੍ਹਾਂ ਨੇ ਆਪਣਾ ਖੂਨ ਡੋਲਿਆ ਅਤੇ ਦੁਸ਼ਮਣ ਦੀਆਂ ਫੌਜਾਂ ਨਾਲ ਲੜਦਿਆਂ ਉਹਨਾਂ ਨੂੰ ਲੋਹੇ ਦੇ ਚਨੇ ਚਬਾਏ ਅਤੇ ਇਟਲੀ ਨੂੰ ਸੁਤੰਤਰ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਹਨਾਂ ਸਿੱਖ ਫੌਜੀਆਂ ਦੀ ਯਾਦ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰਡ, ਇਟਲੀ ਵੱਲੋਂ ਇਟਲੀ ਦੇ ਫੌਰਲੀ ਸ਼ਹਿਰ ਵਿਖੇ ਸਮੂਹ ਸਿੱਖ ਸੰਗਤਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਨਾਲ ਲੜਾਈ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਸਿੱਖ ਫੌਜੀ ਅਤੇ ਇਟਾਲੀਅਨ ਫੌਜੀਆਂ ਦਾ ਇੱਕ ਬੁੱਤ ਲਗਾਇਆ ਗਿਆ ਹੈ। ਜਿੱਥੇ ਕਿ ਹਰ ਸਾਲ ਸਿੱਖ ਸੰਗਤਾਂ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ।
ਕਮੇਟੀ ਦੇ ਆਗੂ ਗੁਰਮੇਲ ਸਿੰਘ ਭੱਟੀ ਅਤੇ ਜਸਬੀਰ ਸਿੰਘ ਧਨੌਤਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2025 ਦਾ ਇਹ ਸ਼ਹੀਦੀ ਸਮਾਗਮ 26 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ। ਜਿਸ ਵਿੱਚ ਸਵੇਰੇ 8 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਜਿਨਾਂ ਦੇ ਭੋਗ 9 ਵਜੇ ਪੈਣਗੇ। ਤਕਰੀਬਨ 10 ਵਜੇ ਵੱਖ-ਵੱਖ ਸ਼ਹਿਰਾਂ ਦੇ ਮੇਅਰਾਂ, ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਸਿੱਖ ਸੰਗਤਾਂ ਨਾਲ ਮਿਲ ਕੇ ਸ਼ਹੀਦਾਂ ਦੇ ਸਮਾਰਕ 'ਤੇ ਸ਼ਰਧਾਂਜਲੀ ਦਿੱਤੀ ਜਾਵੇਗੀ। ਭੋਗ ਤੋਂ ਉਪਰੰਤ ਧਾਰਮਿਕ ਸਟੇਜ ਵੀ ਜਾਰੀ ਰਹੇਗੀ। ਜਿਸ ਵਿੱਚ ਵੱਖ-ਵੱਖ ਪਤਵੰਤੇ ਸੱਜਣ ਆਪਣੀ ਹਾਜ਼ਰੀ ਲਗਵਾਉਣਗੇ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਗਿਆਨੀ ਸਰੂਪ ਸਿੰਘ ਕਡਿਆਣਾ ਦਾ ਢਾਡੀ ਜਥਾ ਅਤੇ ਗਿਆਨੀ ਸੁਖਵੀਰ ਸਿੰਘ ਭੌਰ ਦਾ ਢਾਡੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਇਕ ਝਟਕੇ 'ਚ ਸ਼ਖਸ ਨੂੰ ਨਿਗਲ ਲਈ MRI ਮਸ਼ੀਨ!
ਇਸ ਪ੍ਰੋਗਰਾਮ ਵਿੱਚ ਪਹੁੰਚੇ ਵੱਖ ਵੱਖ ਸ਼ਹਿਰਾਂ ਦੇ ਮੇਅਰ ਸਾਹਿਬਾਨ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਪਹੁੰਚੇ ਲੋਕਾਂ ਨੂੰ ਵੀ ਸੰਬੋਧਿਤ ਕੀਤਾ ਜਾਵੇਗਾ। ਕਮੇਟੀ ਵੱਲੋਂ ਪਹੁੰਚੀਆਂ ਉੱਚ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਵੱਲੋਂ ਇਟਲੀ ਅਤੇ ਯੂਰਪ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਵੱਧ ਚੜ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਲਗਵਾਓ ਅਤੇ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰੋ। ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।