ਇਟਲੀ ''ਚ 2 ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਨਾਲ ਭਾਈਚਾਰੇ ''ਚ ਸਹਿਮ, ਸਬੰਧਤ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

Monday, Jul 28, 2025 - 05:48 AM (IST)

ਇਟਲੀ ''ਚ 2 ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਨਾਲ ਭਾਈਚਾਰੇ ''ਚ ਸਹਿਮ, ਸਬੰਧਤ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਰੋਮ (ਦਲਵੀਰ ਸਿੰਘ ਕੈਂਥ) : ਪੰਜਾਬ (ਭਾਰਤ) ਤੋਂ ਭੱਵਿਖ ਨੰ ਬਿਹਤਰ ਬਣਾਉਣ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ਾਂ ਵੱਲ ਕੂਚ ਕਰਦੇ ਮਾਪਿਆਂ ਦੇ ਜਿਗਰ ਦੇ ਟੁੱਕੜੇ ਜੇਕਰ ਵਿਦੇਸ਼ਾਂ ਵਿੱਚ ਜਾ ਕੇ ਲਾਪਤਾ ਹੋਣ ਜਾਣ ਤਾਂ ਮਾਪਿਆਂ ਦਾ ਜਿਊਂਦੇ ਜੀਅ ਮਰਨਾ ਹੋ ਜਾਂਦਾ ਹੈ। ਅਜਿਹੇ ਬਹੁਤ ਸਾਰੇ ਮਾਪੇ ਹਨ ਜਿਹਨਾਂ ਦਿਲ ਉੱਪਰ ਪੱਥਰ ਰੱਖ ਬੱਚਿਆਂ ਨੂੰ ਕਰਜ਼ਾ ਚੁੱਕ ਕੇ ਵਿਦੇਸ਼ਾਂ ਵਿੱਚ ਭੇਜਿਆ ਪਰ ਵਿਦੇਸ਼ ਜਾ ਕੇ ਉਹਨਾਂ ਦੇ ਬੱਚਿਆਂ ਦੀ ਕੋਈ ਉੱਗ-ਸੁੱਗ ਨਹੀਂ ਮਿਲਦੀ, ਜਿਸ ਦੇ ਚੱਲਦਿਆਂ ਮਾਪਿਆਂ ਨੂੰ ਕੋਈ ਸਮਝ ਨਹੀਂ ਪੈਂਦੀ ਕਿ ਹੁਣ ਉਹ ਆਖਿਰ ਕਿਸ ਨੂੰ ਮਦਦ ਦੀ ਗੁਹਾਰ ਲਗਾਉਣ।

 ਇਹ ਵੀ ਪੜ੍ਹੋ : ਇਟਲੀ ਲਈ ਸ਼ਹੀਦ ਹੋਣ ਵਾਲੇ ਸਿੱਖ ਫ਼ੌਜੀਆਂ ਨੂੰ ਦਿੱਤੀ ਗਈ ਭਾਵ-ਭਿੰਨੀ ਸ਼ਰਧਾਂਜਲੀ (ਤਸਵੀਰਾਂ)

ਅਜਿਹਾ ਹੀ ਸੰਤਾਪ ਭੁਗਤਣ ਲਈ ਬੇਵੱਸ ਇਟਲੀ ਵਿੱਚ 22 ਜੁਲਾਈ 2025 ਨੂੰ ਗੁੰਮ ਹੋਏ ਹਰਮਨਜੀਤ ਸਿੰਘ (28) ਉਰਫ਼ ਕਾਕਾ ਵਾਸੀ (ਅੰਮ੍ਰਿਤਸਰ) ਅਤੇ 16 ਜੁਲਾਈ 2025 ਨੂੰ ਗੁੰਮ ਹੋਏ ਜਸਕਰਨ ਸਿੰਘ ਵਾਸੀ (ਮੋਗਾ) ਦੇ ਪਰਿਵਵਾਰ ਵਾਲੇ ਜਿਹਨਾਂ ਦੇ ਲਾਡਲੇ ਪੁੱਤਰ ਇਟਲੀ ਆਏ ਤਾਂ ਸੀ ਭੱਵਿਖ ਬਿਹਤਰ ਬਣਾਉਣ ਪਰ ਇੱਥੇ ਗੁੰਮਨਾਮੀ ਦੇ ਹਨੇਰੇ ਵਿੱਚ ਗੁਆਚ ਗਏ। ਪ੍ਰੈੱਸ ਨੂੰ ਗੁੰਮ ਹੋਏ ਹਰਮਨਜੀਤ ਸਿੰਘ (28) ਉਰਫ਼ ਕਾਕਾ ਦੇ ਚਾਚੇ ਕੇਵਲ ਸਿੰਘ ਵਾਸੀ ਪੁਨਤੀਨੀਆ (ਲਾਤੀਨਾ) ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਹੀ ਰਹਿੰਦਾ ਸੀ ਅਤੇ 22 ਜੁਲਾਈ ਨੂੰ ਡੇਅਰੀ ਫਾਰਮ ਤੋਂ ਇਹ ਕਹਿ ਕੇ ਆ ਗਿਆ ਕਿ ਉਹ ਆਪਣੇ ਚਾਚੇ ਕੇਵਲ ਸਿੰਘ ਨੂੰ ਮਿਲਣ ਚੱਲਾ ਹੈ ਪਰ ਅਫ਼ਸੋਸ ਸਾਰਾ ਦਿਨ ਬੀਤ ਜਾਣ ਦੇ ਬਾਅਦ ਵੀ ਹਰਮਨਜੀਤ ਸਿੰਘ ਨਾ ਕੇਵਲ ਸਿੰਘ ਕੋਲ ਪਹੁੰਚਾ ਅਤੇ ਨਾ ਵਾਪਸ ਡੇਅਰੀ ਫਾਰਮ। ਕੇਵਲ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਹਰਮਨਜੀਤ ਸਿੰਘ ਦੀ ਕੋਈ ਉੱਗ-ਸੁੱਗ ਨਹੀੰ ਮਿਲ ਰਹੀ ਕਿ ਉਹ ਕਿੱਥੇ ਹੈ, ਜਦੋਂਕਿ ਉਸ ਦਾ ਫੋਨ ਤੇ ਪੇਪਰ ਡੇਅਰੀ ਫਾਰਮ ਵਿੱਚ ਹੀ ਪਏ ਹਨ ਤਾਂ ਕਾਫ਼ੀ ਦੌੜ-ਭੱਜ ਦੇ ਬਾਅਦ ਉਸ ਨੇ ਪੁਨਤੀਨੀਆ ਦੀ ਪੁਲਸ ਨੂੰ ਭਤੀਜੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ।

 ਇਹ ਵੀ ਪੜ੍ਹੋ : ਟਰੰਪ ਦਾ ਵੱਡਾ ਬਿਆਨ: ਕਿਹਾ- 'ਯੂਰਪੀਅਨ ਯੂਨੀਅਨ ਨਾਲ ਟ੍ਰੇਡ ਡੀਲ 'ਤੇ ਬਣੀ ਸਹਿਮਤੀ! ਜਾਣੋ ਕੀ ਦੱਸਿਆ

ਇਸੇ ਤਰ੍ਹਾਂ ਹੀ ਪਰਮਜੀਤ ਸਿੰਘ ਨੇ ਸ਼ਹਿਰ ਪਾਰਮਾ ਤੋਂ ਜਾਣਕਾਰੀ ਦਿੱਤੀ ਕਿ ਉਸ ਦਾ ਭਤੀਜਾ ਜਸਕਰਨ ਸਿੰਘ (24) ਜਿਹੜਾ ਕਿ 9 ਮਹੀਨਿਆਂ ਵਾਲੇ ਪੇਪਰਾਂ 'ਤੇ ਸਾਲ ਕੁ ਪਹਿਲਾਂ ਇਟਲੀ ਆਇਆ ਸੀ ਅਤੇ ਉਹਨਾਂ ਦੇ ਨਾਲ ਹੀ ਰਹਿੰਦਾ ਸੀ। ਬੀਤੀ 16 ਜੁਲਾਈ ਨੂੰ ਉਹ ਘਰ ਪਾਰਕ ਵਿੱਚ ਜਾਣ ਦਾ ਕਹਿ ਚਲਾ ਗਿਆ ਤੇ ਉਸੇ ਦਿਨ ਉਹ ਦੁਪਹਿਰ ਤੱਕ ਫੋਨ ਰਾਹੀਂ ਉਹਨਾਂ ਦੇ ਸੰਪਰਕ ਵਿੱਚ ਰਿਹਾ ਪਰ ਬਾਅਦ ਵਿੱਚ ਉਸ ਦਾ ਫੋਨ ਬੰਦ ਆਉਣ ਲੱਗਾ। ਪਰਮਜੀਤ ਸਿੰਘ ਨੇ ਵੀ ਕਾਫ਼ੀ ਜੱਦੋ-ਜਹਿਦ ਕੀਤੀ ਪਰ ਜਸਕਰਨ ਸਿੰਘ ਦੀ ਕੋਈ ਖਬ਼ਰ ਨਹੀਂ ਮਿਲੀ। ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘਦਿਆਂ ਪਰਮਜੀਤ ਸਿੰਘ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਦੋਵਾਂ ਭਾਰਤੀ ਨੌਜਵਾਨਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਉੱਥੇ ਕਿੱਥੇ ਚਲੇ ਗਏ। ਗੁੰਮ ਹੋਏ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹਨਾਂ ਗੁੰਮ ਹੋਏ ਨੌਜਵਾਨਾਂ ਨੂੰ ਲੱਭਣ ਲਈ ਭਾਰਤੀ ਅੰਬੈਂਸੀ ਰੋਮ ਵੱਲੋਂ ਵੀ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਗੌਰਤਲਬ ਹੈ ਕਿ ਇਟਲੀ ਵਿੱਚ ਹਰ ਸਾਲ ਇੱਕ ਸਰਕਾਰੀ ਰਿਪੋਰਟ ਅਨੁਸਾਰ ਕਰੀਬ 30 ਹਜ਼ਾਰ ਰਿਪੋਰਟਾਂ ਲੋਕਾਂ ਦੇ ਗੁੰਮ ਹੋਣ ਦੀਆਂ ਦਰਜ ਹੋ ਰਹੀਆਂ ਹਨ ਜਿਹਨਾਂ ਵਿੱਚ 75% ਨਾਬਾਲਗਾਂ ਨਾਲ ਸਬੰਧਤ ਹਨ ਜਿਹੜੇ ਅਜਿਹੇ ਨਾਬਾਲਗ ਜਿਹੜੇ ਪ੍ਰਵਾਸੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News