ਫਲੋਰਿਡਾ ’ਚ ਇਮਾਰਤ ਹਾਦਸੇ ਦੀ ਸਹਾਇਤਾ ਲਈ ਬਣ ਰਹੇ ਨਕਲੀ ਫੰਡਰੇਜ਼ਰ ਪੇਜ
Friday, Jul 02, 2021 - 11:56 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਲੋਰਿਡਾ ਦੇ ਬੀਚਫ੍ਰੰਟ 'ਤੇ ਹੋਏ ਭਿਆਨਕ ਹਾਦਸੇ ਵਿੱਚ ਇਮਾਰਤ ਦੇ ਢਹਿਣ ਕਾਰਨ ਕਈ ਮੌਤਾਂ ਦੇ ਨਾਲ ਜਿੱਥੇ ਦਰਜਨਾਂ ਲੋਕ ਲਾਪਤਾ ਹਨ, ਉੱਥੇ ਹੀ ਕਈ ਲਾਲਚੀ ਲੋਕਾਂ ਵੱਲੋਂ ਸਹਾਇਤਾ ਦੇ ਨਾਂ 'ਤੇ ਠੱਗੀ ਮਾਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਸਬੰਧੀ ਰਾਹਤ ਯਤਨਾਂ ਲਈ ਦਾਨੀ ਲੋਕਾਂ ਵੱਲੋਂ ਦਾਨ ਦਿੱਤਾ ਜਾ ਰਿਹਾ ਹੈ ਅਤੇ ਕੁੱਝ ਲੋਕਾਂ ਵੱਲੋਂ ਫੰਡ ਇਕੱਠਾ ਕਰਨ ਲਈ ਨਕਲੀ ਫੰਡਰੇਜਰ ਪੇਜ਼ ਬਣਾਏ ਜਾ ਰਹੇ ਹਨ। ਸਪੋਰਟਸਰਫਾਈਡ.ਓਆਰਜੀ ਵੈੱਬਸਾਈਟ ਦੁਆਰਾ ਲੀਗਿਟ ਫੰਡਰੇਜਿੰਗ ਨੇ ਲੱਗਭਗ 2 ਮਿਲੀਅਨ ਡਾਲਰ ਇਕੱਠੇ ਕੀਤੇ ਹਨ ਪਰ ਕਾਉਂਟੀ ਅਧਿਕਾਰੀਆਂ ਨੇ ਕਿਹਾ ਕਿ ਕੁਝ ਘਪਲੇਬਾਜ਼ ਝੂਠੇ ਫੰਡਰੇਜ਼ਿੰਗ ਪੇਜਾਂ ਰਾਹੀਂ ਲੋਕਾਂ ਨੂੰ ਭਰਮਾ ਰਹੇ ਹਨ। ਐਮਰਜੈਂਸੀ ਮੈਨੇਜਮੈਂਟ ਦੇ ਮਿਆਮੀ-ਡੈੱਡ ਦਫਤਰ ਦੇ ਡਾਇਰੈਕਟਰ ਚਾਰਲਸ ਸਿਰੀਲ ਨੇ ਬੁੱਧਵਾਰ ਰਾਹਤ ਯਤਨਾਂ ਲਈ ਫੰਡ ਦੇਣ ਵਾਲਿਆਂ ਦਾ ਧੰਨਵਾਦ ਕੀਤਾ ।
ਇਸ ਦੌਰਾਨ ਚਾਰਲਸ ਨੇ ਦੱਸਿਆ ਕਿ ਕੁੱਝ ਲੋਕ ਗੋ ਫੰਡ ਮੀ ਦੇ ਨਕਲੀ ਖਾਤਿਆਂ ਰਾਹੀਂ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਦਾਨੀ ਸੱਜਣਾਂ ਨੂੰ ਸਹੀ ਢੰਗ ਨਾਲ ਸਹੀ ਏਜੰਸੀਆਂ ਕੋਲ ਫੰਡ ਜਮ੍ਹਾ ਕਰਵਾਉਣ ਦੀ ਅਪੀਲ ਕਰਨ ਦੇ ਨਾਲ ਜ਼ਿਆਦਾ ਜਾਣਕਾਰੀ ਲਈ www.miamidade.gov/emergency 'ਤੇ ਜਾਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਸਰਫਸਾਈਡ ਬਿਲਡਿੰਗ ਦੇ ਰਾਹਤ ਕਾਰਜਾਂ ਲਈ ਗੋ ਫੰਡ ਮੀ ਦੇ ਪ੍ਰਮਾਣਿਤ ਫੰਡਰੇਜਿੰਗ ਪੇਜ਼ ਦੀ ਵੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਮਾਰਤ ਢਹਿ ਜਾਣ ਦੀ ਜਗ੍ਹਾ ਦੇ ਨਜ਼ਦੀਕ ਦੇ ਹੋਟਲਾਂ ਦੀਆਂ ਕੀਮਤਾਂ ਵਿੱਚ ਵੀ ਵਾਧੇ ਦੀਆਂ ਸ਼ਿਕਾਇਤਾਂ ਪ੍ਰਸ਼ਾਸਨ ਕੋਲ ਆਈਆਂ ਹਨ।