ਯੂਰਪੀਅਨ ਸੰਸਦ ਨੇ 2022 ਬੀਜਿੰਗ ਓਲੰਪਿਕ ਖੇਡਾਂ ਦੇ ਬਾਈਕਾਟ ਦਾ ਕੀਤਾ ਐਲਾਨ
Friday, Jul 16, 2021 - 03:54 PM (IST)
ਨੈਸ਼ਨਲ ਡੈਸਕ : ਯੂਰਪੀਅਨ ਸੰਸਦ ਨੇ ਚੀਨ ਨੂੰ ਵੱਡਾ ਝਟਕਾ ਦਿੰਦਿਆਂ 2022 ’ਚ ਹੋਣ ਵਾਲੀਆਂ ਸਰਦਰੁੱਤ ਓਲੰਪਿਕ ਖੇਡਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਯੂਰਪੀਅਨ ਸੰਸਦ ਦੇ ਸੰਸਦ ਮੈਂਬਰਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਹੈ ਕਿ ਸਾਨੂੰ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਸੱਦੇ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਇਨ੍ਹਾਂ ਸੰਸਦ ਮੈਂਬਰਾਂ ਨੇ ਆਪਣੀਆਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਈਗਰ ਮੁਸਲਮਾਨਾਂ ਨੂੰ ਲੈ ਕੇ ਚੀਨ ਦੇ ਵਤੀਰੇ ’ਤੇ ਹੋਰ ਜ਼ਿਆਦਾ ਰੋਕ ਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਯੂਰਪੀਅਨ ਦੇਸ਼ਾਂ ਨੂੰ ਹਾਂਗਕਾਂਗ ’ਚ ਲੋਕਤੰਤਰ ਸਮਰਥਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਹਾਲਾਂਕਿ ਯੂਰਪੀਅਨ ਸੰਸਦ ਦੇ ਇਸ ਮਤੇ ਨੂੰ ਮੰਨਣ ਲਈ ਮੈਂਬਰ ਦੇਸ਼ ਪਾਬੰਦ ਨਹੀਂ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਸ ਮਤੇ ’ਤੇ ਕਿਹਾ ਕਿ ਚੀਨ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦੀ ਤਿਆਰੀ ਤੇ ਆਯੋਜਨ ’ਚ ਰੁਕਾਵਟ ਪਾਉਣ ਤੇ ਭੰਨ-ਤੋੜ ਕਰਨ ਦੇ ਯਤਨਾਂ ਨੂੰ ਬਹੁਤ ਗੈਰ-ਜ਼ਿੰਮੇਵਾਰਾਨਾ ਦੱਸਦਾ ਹੈ।