ਯੂਰਪੀ ਦੇਸ਼ਾਂ ਨੇ ਕ੍ਰਿਸਮਸ ਤੋਂ ਪਹਿਲਾਂ ਕੋਰੋਨਾ ਪਾਬੰਦੀਆਂ ਨੂੰ ਸਖ਼ਤ ਕੀਤਾ

Tuesday, Dec 15, 2020 - 08:28 PM (IST)

ਨੀਦਰਲੈਂਡ— ਯੂਰਪ ਦੇ ਕਈ ਦੇਸ਼ਾਂ ਨੇ ਹਾਲ ਹੀ ਦੇ ਹਫਤਿਆਂ 'ਚ ਸੰਕਰਮਣ ਦੇ ਮਾਮਲੇ ਵੱਧਣ ਤੋਂ ਬਾਅਦ ਕ੍ਰਿਸਮਸ ਤੋਂ ਪਹਿਲਾਂ ਕੋਰੋਨਾ ਵਾਇਰਸ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਨੀਦਰਲੈਂਡਜ਼ ਨੇ ਪੰਜ ਹਫ਼ਤੇ ਦੀ ਤਾਲਾਬੰਦੀ ਲਾ ਦਿੱਤੀ ਹੈ, ਇਸ ਦੌਰਾਨ ਗੈਰ-ਜ਼ਰੂਰੀ ਦੁਕਾਨਾਂ, ਥੀਏਟਰ ਅਤੇ ਜਿੰਮ ਬੰਦ ਰਹਿਣਗੇ। ਜਰਮਨੀ ਬੁੱਧਵਾਰ ਤੋਂ ਤਾਲਬੰਦੀ 'ਚ ਦਾਖ਼ਲ ਹੋ ਜਾਵੇਗਾ।

ਫਰਾਂਸ ਨੇ ਤਾਲਾਬੰਦੀ ਹਟਾ ਦਿੱਤੀ ਹੈ ਪਰ ਵੱਡੇ ਪੱਧਰ 'ਤੇ ਸਖ਼ਤ ਪਾਬੰਦੀਆਂ ਲਾਗੂ ਹਨ ਕਿਉਂਕਿ ਕੋਰੋਨਾ ਦੇ ਮਾਮਲੇ ਅਜੇ ਵੀ ਵੱਡੀ ਗਿਣਤੀ 'ਚ ਆ ਰਹੇ ਹਨ। ਇਟਲੀ, ਸਪੇਨ, ਫਰਾਂਸ ਅਤੇ ਯੂ. ਕੇ. ਉਨ੍ਹਾਂ ਦੇਸ਼ਾਂ 'ਚੋਂ ਹਨ ਜਿਨ੍ਹਾਂ ਨੇ ਮਹਾਮਾਰੀ ਦੌਰਾਨ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਹਨ।

ਨੀਦਰਲੈਂਡਜ਼ 'ਚ ਪੰਜ ਹਫ਼ਤਿਆਂ ਤਾਲਾਬੰਦੀ ਦੌਰਾਨ, ਸਿਨੇਮਾਘਰ, ਹੇਅਰ ਡ੍ਰੈਸਰ ਵੀ ਬੰਦ ਰਹਿਣਗੇ, ਬੁੱਧਵਾਰ ਤੋਂ ਸਕੂਲ ਵੀ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਗੇ। ਲੋਕਾਂ ਨੂੰ ਮਾਰਚ ਦੇ ਅੱਧ ਤੱਕ ਗੈਰ ਜ਼ਰੂਰੀ ਯਾਤਰਾ ਦੀ ਬੁਕਿੰਗ ਕਰਨ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਗਿਆ ਹੈ। ਹਾਲਾਂਕਿ, ਕ੍ਰਿਸਮਸ ਦੇ ਦਿਨ ਇਕ ਪਰਿਵਾਰ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੇਜ਼ਬਾਨੀ ਕਰਨ 'ਚ ਕੁਝ ਢਿੱਲ ਦਿੱਤੀ ਜਾਵੇਗੀ।

ਉੱਥੇ ਹੀ, ਬੁੱਧਵਾਰ ਤੋਂ ਜਰਮਨੀ 'ਚ ਸਕੂਲ ਅਤੇ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। ਰੈਸਟੋਰੈਂਟ, ਬਾਰ ਅਤੇ ਮਨੋਰੰਜਨ ਕੇਂਦਰ ਨਵੰਬਰ ਤੋਂ ਪਹਿਲਾਂ ਹੀ ਬੰਦ ਹਨ। ਜਰਮਨੀ 'ਚ ਤਾਲਾਬੰਦੀ 16 ਦਸੰਬਰ ਤੋਂ 10 ਜਨਵਰੀ ਤੱਕ ਰਹੇਗੀ ਪਰ ਕ੍ਰਿਸਮਸ ਦੇ ਮੌਕੇ ਪਰਿਵਾਰਾਂ ਨੂੰ ਚਾਰ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਮੇਜ਼ਬਾਨੀ ਕਰਨ ਦੀ ਢਿੱਲੀ ਜਾਵੇਗੀ। ਫਰਾਂਸ 'ਚ ਥੀਏਟਰ, ਸਿਨੇਮਾਘਰ, ਰੈਸਟੋਰੈਂਟ ਅਤੇ ਬਾਰ ਬੰਦ ਰਹਿਣਗੇ, ਇਸ ਤੋਂ ਇਲਾਵਾ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲੱਗੇਗਾ। ਇਟਲੀ ਵੀ ਸਖ਼ਤੀ ਕਰਨ ਦਾ ਵਿਚਾਰ ਕਰ ਰਿਹਾ ਹੈ। ਸਪੇਨ ਨੇ 23 ਦਸੰਬਰ ਤੋਂ 6 ਜਨਵਰੀ ਤੱਕ ਕੁਝ ਨਿਯਮਾਂ ਨੂੰ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸਮਾਜਿਕ ਸਮਾਰੋਹਾਂ 'ਚ 10 ਤੋਂ ਵੱਧ ਲੋਕ ਨਹੀਂ ਸ਼ਾਮਲ ਹੋ ਸਕਣਗੇ ਅਤੇ ਖਿੱਤੇ 'ਚ ਸਿਰਫ ਨਜ਼ਦੀਕੀ ਮਿੱਤਰਾਂ ਅਤੇ ਪਰਿਵਾਰਾਂ ਨੂੰ ਮਿਲਣ ਜਾਣ ਦੀ ਮਨਜ਼ੂਰੀ ਹੋਵੇਗੀ।


Sanjeev

Content Editor

Related News